ਰਾਮ ਸ਼ਰਨ ਸੂਦ
ਅਮਲੋਹ, 22 ਅਗਸਤ
ਬਲਾਕ ਅਮਲੋਹ ਦੇ ਪਿੰਡ ਨਰਾਇਣਗੜ੍ਹ ਦੇ ਬਿਰਧ ਸੁਖਦੇਵ ਸਿੰਘ (80) ਦੀ ਮਾੜੀ ਸਰੀਰਕ ਤੇ ਆਰਥਿਕ ਹਾਲਤ ਨੂੰ ਦੇਖ ਕੇ ਆਮ ਆਦਮੀ ਪਾਰਟੀ ਹਲਕਾ ਅਮਲੋਹ ਦੇ ਸੀਨੀਅਰ ਆਗੂ ਐਡਵੋਕੇਟ ਅਸ਼ਵਨੀ ਅਬਰੋਲ ਨੇ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਮਗਰੋਂ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਨੂੰ ਮੰਗ ਪੱਤਰ ਦੇ ਕੇ ਉਸ ਦੇ ਪਰਿਵਾਰ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ।
ਸ੍ਰੀ ਅਬਰੋਲ ਨੇ ਦੱਸਿਆ ਕਿ ਸੁਖਦੇਵ ਸਿੰਘ ਮਾਨਸਿਕ ਅਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੈ ਅਤੇ ਉਸ ਦਾ ਲੜਕਾ ਵੀ ਮੰਦਬੁੱਧੀ ਹੈ। ਉਸ ਦੇ ਘਰ ਦੀ ਛੱਤ ਕਰੀਬ 10 ਸਾਲਾਂ ਤੋਂ ਡਿੱਗੀ ਹੋਈ ਹੈ ਜਦਕਿ ਦੂਜੇ ਕਮਰੇ ਦੀ ਛੱਤ ਦੀ ਹਾਲਤ ਵੀ ਤਰਸਯੋਗ ਹੈ ਅਤੇ ਕਿਸੇ ਵੀ ਸਮੇਂ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਪਾਰਟੀ ਦੇ ਬਲਾਕ ਇੰਚਾਰਜ ਹਰਦੀਪ ਸਿੰਘ, ਸੁਖਵਿੰਦਰ ਸਿੰਘ, ਜੈ ਦੇਵ, ਕੁਲਦੀਪ ਸਿੰਘ, ਬੂਟਾ ਸਿੰਘ, ਗੁਰਦੇਵ ਸਿੰਘ ਆਦਿ ਇਸ ਪਰਿਵਾਰ ਕੋਲ ਪਹੁੰਚੇ ਅਤੇ ਹਰ ਲੋੜੀਂਦੀ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਐੱਸ.ਡੀ.ਐੱਮ ਦੇ ਨਾ ਮਿਲਣ ਕਾਰਨ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦੇ ਕੇ ਇਸ ਪਰਿਵਾਰ ਦੀ ਲੋੜੀਂਦੀ ਮਦਦ ਕਰਨ ਦੀ ਅਪੀਲ ਕੀਤੀ ਗਈ।