ਦਵਿੰਦਰ ਪਾਲ
ਚੰਡੀਗੜ੍ਹ, 29 ਸਤੰਬਰ
ਪੰਜਾਬ ਵਿਧਾਨ ਸਭਾ ਵਿੱਚ ਅੱਜ ਗੈਰ-ਸਰਕਾਰੀ ਮਤੇ ’ਤੇ ਹੋਈ ਚਰਚਾ ਦੌਰਾਨ ‘ਆਪ’ ਦੇ ਵਿਧਾਇਕਾਂ ਨੇ ਕਾਂਗਰਸ ’ਤੇ ਤਿੱਖੇ ਨਿਸ਼ਾਨੇ ਸੇਧੇ ਹਨ। ਹਾਕਮ ਧਿਰ ਦੇ ਵਿਧਾਇਕਾਂ ਨੇ ਦਲਿਤਾਂ ਦਾ ਵਜ਼ੀਫਾ ਹੜੱਪਣ ਅਤੇ ਗਰੀਬ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਦੋਸ਼ ਲਾਏ ਹਨ। ਇਸ ਮਤੇ ’ਤੇ ਹੋਈ ਚਰਚਾ ਦੌਰਾਨ ਕਾਂਗਰਸ ਦੇ ਵਿਧਾਇਕ ਪ੍ਰਦਰਸ਼ਨ ਕਰ ਰਹੇ ਸਨ।
‘ਆਪ’ ਵਿਧਾਇਕਾਂ ਵੱਲੋਂ ਕਾਂਗਰਸੀ ਮੈਂਬਰਾਂ ਨੂੰ ਚਰਚਾ ਵਿੱਚ ਹਿੱਸਾ ਲੈਣ ਲਈ ਕਿਹਾ ਗਿਆ। ਹਾਕਮ ਧਿਰ ਦੇ ਮੈਂਬਰਾਂ ਨੇ ਰੌਲਾ ਰੱਪਾ ਪਾ ਰਹੇ ਵਿਰੋਧੀ ਧਿਰ ਦੇ ਮੈਂਬਰਾਂ ’ਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਵੀ ਲਾਏ। ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਮਤਾ ਪੇਸ਼ ਕਰਦਿਆਂ ਕਿਹਾ ‘‘ਇਹ ਸਦਨ ਰਾਜ ਸਰਕਾਰ ਨੂੰ ਪੁਰਜ਼ੋਰ ਸਿਫਾਰਿਸ਼ ਕਰਦਾ ਹੈ ਕਿ ਦਲਿਤ ਬੱਚਿਆਂ ਨੂੰ ਸਮੇਂ ਸਿਰ ਵਜ਼ੀਫਾ ਨਾ ਮਿਲਣ ਕਾਰਨ ਬੱਚਿਆਂ ਦੇ ਸਰਟੀਫਿਕੇਟ ਵਿੱਦਿਅਕ ਅਦਾਰਿਆਂ ਵੱਲੋਂ ਨਹੀਂ ਦਿੱਤੇ ਜਾਂਦੇ, ਇਸ ਲਈ ਦਲਿਤ ਬੱਚਿਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ’’।
ਮਤੇ ’ਤੇ ਹੋਈ ਚਰਚਾ ਦੌਰਾਨ ਵਿਧਾਇਕਾ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਮੰਤਰੀ ਤੇ ਹੋਰਨਾਂ ਨੇ ਦਲਿਤਾਂ ਨੂੰ ਦਿੱਤੇ ਜਾਣ ਵਾਲੇ ਵਜ਼ੀਫੇ ਡਕਾਰੇ ਅਤੇ ਵੱਡੇ ਘਪਲੇ ਕੀਤੇ ਹਨ। ਇਹੀ ਕਾਰਨ ਹੈ ਕਿ ਦਲਿਤ ਬੱਚੇ ਡਿਗਰੀਆਂ ਲੈ ਲਈ ਠੋਕਰਾਂ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਪਲੇਬਾਜ਼ਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਕਲੀਨ ਚਿੱਟਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਜਦੋਂ ਗਰੀਬਾਂ ਦੇ ਵਜ਼ੀਫਿਆਂ ਦੀ ਗੱਲ ਹੋ ਰਹੀ ਹੈ ਤਾਂ ਕਾਂਗਰਸ ਦੇ ਵਿਧਾਇਕ ਚਰਚਾ ’ਚ ਹਿੱਸਾ ਲੈਣ ਦੀ ਥਾਂ ਭੱਜਣ ਦੇ ਮੌਕੇ ਲੱਭ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਜਿਹੜੇ ਕਾਂਗਰਸੀ ਰੌਲਾ ਪਾ ਰਹੇ ਹਨ, ਉਨ੍ਹਾਂ ਦੇ ਹਲਕਿਆਂ ਦੇ ਦਲਿਤਾਂ ਦੇ ਹੱਕ ਵੀ ਕਾਂਗਰਸ ਨੇ ਹੀ ਮਾਰੇ ਸਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਸਾਬਕਾ ਕਾਂਗਰਸੀ ਮੰਤਰੀ ਨੇ ਵਜ਼ੀਫਾ ਰਾਸ਼ੀ ਵਿੱਚ 564 ਕਰੋੜ ਰੁਪਏ ਦਾ ਘਪਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਦਲਿਤਾਂ ਦੇ ਬੱਚਿਆਂ ਨੂੰ ਵਜ਼ੀਫ਼ਾ ਨਾ ਦਿੱਤਾ ਗਿਆ ਤਾਂ ਵਿੱਦਿਅਕ ਸੰਸਥਾਵਾਂ ਨੇ ਡਿਗਰੀਆਂ ਰੋਕ ਲਈਆਂ ਤੇ ਇਹ ਬੱਚੇ ਕਿਤੇ ਵੀ ਰੁਜ਼ਗਾਰ ਲੈਣ ਜੋਗੇ ਨਾ ਰਹੇ। ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਪੰਜਾਬ ਦੇ ਲੱਖਾਂ ਵਿਦਿਆਰਥੀ ਡਿਗਰੀਆਂ ਤੋਂ ਵਾਂਝੇ ਰਹੇ ਤੇ ਇਸ ਦੇ ਲਈ ਕਾਂਗਰਸ ਸਰਕਾਰ ਤੇ ਉਸ ਵੇਲੇ ਦੇ ਮੰਤਰੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ਦੀਆਂ ਯੂਨੀਵਰਸਿਟੀਆਂ ਦੇ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਨਿੱਜੀ ਯੂਨੀਵਰਸਿਟੀਆਂ ਦੇ ਆਪ ਹੁਦਰੇਪਣ ਨੂੰ ਠੱਲ੍ਹ ਪਾਉਣ ਲਈ ਰੈਗੂਲੇਟਰੀ ਸੰਸਥਾ ਕਾਇਮ ਕਰਨ ਦੀ ਲੋੜ ਹੈ। ਇਸ ਮਤੇ ’ਤੇ ਹੋਈ ਚਰਚਾ ਵਿੱਚ ਆਮ ਵਿਧਾਇਕਾਂ ਬੁੱਧ ਰਾਮ, ਕੁਲਵੰਤ ਸਿੰਘ ਪੰਡੋਰੀ, ਡਾ. ਰਵਜੋਤ ਸਿੰਘ ਨੇ ਵੀ ਹਿੱਸਾ ਲਿਆ।
ਕੁੰਵਰ ਵੱਲੋਂ ਪੁਲੀਸ ਅਫ਼ਸਰਾਂ ਨੂੰ ਰਗੜੇ ਤੇ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰਨ ਦੀ ਕੋਸ਼ਿਸ਼
ਪੰਜਾਬ ਦੀ ਸੱਤਾਧਾਰੀ ਧਿਰ ਦੇ ਵਿਧਾਇਕ ਅਤੇ ਸਾਬਕਾ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਬਰਗਾੜੀ ਕਾਂਡ ਦੇ ਮੁੱਦੇ ’ਤੇ ਆਪਣੀ ਹੀ ਸਰਕਾਰ ਅਤੇ ਪੁਲੀਸ ਅਧਿਕਾਰੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੇ ਯਤਨ ਕੀਤੇ। ਸਦਨ ਵਿੱਚ ਬੋਲਦਿਆਂ ਇਸ ਵਿਧਾਇਕ ਨੇ ਏਡੀਜੀਪੀ ਐੱਲਕੇ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ 14 ਸਤੰਬਰ ਨੂੰ ਸਿੱਟ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਕੀਤੀ ਪੁੱਛਗਿੱਛ ਮਹਿਜ਼ ਖਾਨਾ ਪੂਰਤੀ ਸੀ ਤੇ ਪੁਲੀਸ ਅਧਿਕਾਰੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਚਾਹ ਪਿਲਾ ਕੇ ਤੇ ਪਕੌੜੇ ਖੁਆ ਕੇ ਹੀ ਵਾਪਸ ਭੇਜ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਿੱਟ ਵੱਲੋਂ ਇਸ ਤਰ੍ਹਾਂ ਦਾ ਇਸ਼ਾਰਾ ਕੀਤਾ ਗਿਆ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਦਬਾਅ ਕਰਕੇ ਹੀ ਅਕਾਲੀ ਦਲ ਦੇ ਪ੍ਰਧਾਨ ਨੂੰ ਬੁਲਾਇਆ ਗਿਆ ਸੀ। ਇਹੀ ਕਾਰਨ ਹੈ ਕਿ ਸ੍ਰੀ ਬਾਦਲ ਨੇ ਸਿੱਟ ਦੀ ਪੁੱਛਗਿੱਛ ਤੋਂ ਬਾਅਦ ਧਮਕੀ ਦੀ ਸੁਰ ਵਿੱਚ ਕਿਹਾ ਸੀ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਕੁੰਵਰ ਨੂੰ ਦੇਖ ਲਵਾਂਗੇ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਵਾਪਰਿਆਂ ਸੱਤ ਸਾਲ ਦਾ ਸਮਾਂ ਹੋਣ ਵਾਲਾ ਹੈ। ਪਿਛਲੀ ਕਾਂਗਰਸ ਸਰਕਾਰ ਵੱਲੋਂ ਵੀ ਇਨਸਾਫ਼ ਨਹੀਂ ਦਿੱਤਾ ਗਿਆ। ਉਨ੍ਹਾਂ ਸਦਨ ਵਿੱਚ ਇਹ ਵੀ ਕਿਹਾ ਕਿ ਐੱਲਕੇ ਯਾਦਵ ਨੂੰ ਇੱਕ ਸਾਜ਼ਿਸ਼ ਦੇ ਤਹਿਤ ਐੱਸਆਈਟੀ ਦਾ ਮੁਖੀ ਲਾਇਆ ਗਿਆ ਹੈ, ਕਿਉਂਕਿ ਜਦੋਂ 8 ਪੁਲੀਸ ਅਧਿਕਾਰੀਆਂ ਨੂੰ ਪਦ ਉੱਨਤ ਕੀਤਾ ਗਿਆ ਸੀ ਤਾਂ ਇਸ ਪੁਲੀਸ ਅਧਿਕਾਰੀ ਦਾ ਅੱਠਵਾਂ ਨੰਬਰ ਸੀ ਤੇ ਇਸੇ ਨੂੰ ਐੱਸਆਈਟੀ ਦਾ ਮੁਖੀ ਲਾ ਦਿੱਤਾ ਗਿਆ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਜਾਂਚ ਵਿੱਚ ਕੋਈ ਨੁਕਸ ਨਹੀਂ ਸੀ।
ਭਾਜਪਾ ਦੇ ਦੋਵੇਂ ਵਿਧਾਇਕ ਗੈਰਹਾਜ਼ਰ
ਪੰਜਾਬ ਵਿਧਾਨ ਸਭਾ ਦੇ ਦੂਜੇ ਦਿਨ ਦੇ ਸੈਸ਼ਨ ਦੌਰਾਨ ਅੱਜ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਦੋਵੇਂ ਵਿਧਾਇਕ ਗੈਰ ਹਾਜ਼ਰ ਰਹੇ। ਰੌਚਕ ਤੱਥ ਇਹ ਹੈ ਕਿ ਅਕਾਲੀਆਂ ਦੀ ਸਹਿਯੋਗੀ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਇਕਲੌਤੇ ਵਿਧਇਕ ਨਛੱਤਰ ਪਾਲ ਸਦਨ ਵਿੱਚ ਪੂਰਾ ਸਮਾਂ ਹਾਜ਼ਰ ਰਹੇ। ਬਸਪਾ ਦੇ ਇਸ ਵਿਧਾਇਕ ਨੇ ਅਕਾਲੀ ਦਲ ਦੇ ਮੈਂਬਰਾਂ ਦੇ ਵਾਕਆਊਟ ਦਾ ਸਾਥ ਨਹੀਂ ਦਿੱਤਾ। ਉਨ੍ਹਾਂ ਹਾਕਮ ਧਿਰ ਦੇ ਗੈਰ ਸਰਕਾਰੀ ਮਤਿਆਂ ਦੀ ਹਮਾਇਤ ਕਰਦਿਆਂ ਕਾਂਗਰਸ ਆਗੂਆਂ ’ਤੇ ਤਿੱਖੇ ਹਮਲੇ ਵੀ ਕੀਤੇ।