ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਮਾਰਚ
ਪੰਜਾਬ ’ਚੋਂ ਰਾਜ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤੇ ਨਾਵਾਂ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸੱਤਾ ਸੰਭਾਲੀ ਸੀ ਪਰ ਇਸ ਫ਼ੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਪਾਰਟੀ ਪੰਜਾਬ ਹਿਤੈਸ਼ੀ ਨਹੀਂ ਹੈ। ਉਹ ਅੱਜ ਇਥੇ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸਨ।
ਚੰਦੂਮਾਜਰਾ ਨੇ ਕਿਹਾ ਕਿ ਰਾਜ ਸਭਾ ਵਿਚ ਅਬਾਦੀ ਦੇ ਅਨੁਪਾਤ ਨਾਲ ਨੁਮਾਇੰਦਗੀ ਮਿਲਣ ਕਰਕੇ ਪੰਜਾਬ ਨੂੰ ਪਹਿਲਾਂ ਹੀ ਵੱਡਾ ਨੁਕਸਾਨ ਹੋ ਰਿਹਾ ਹੈ। ਬਾਕੀ ਸੂਬਿਆਂ ਵਿਚ ਦੋ-ਦੋ ਸਾਲਾਂ ਦੇ ਵਕਫੇ ਨਾਲ ਰਾਜ ਸਭਾ ਦੀ ਮੈਂਬਰਸ਼ਿਪ ਲਈ ਚੋਣ ਹੁੰਦੀ ਹੈ ਪਰ ਪੰਜਾਬ ਵਿਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਨੁਮਾਇੰਦਗੀ ਦੇਣ ਦੀ ਨਵੀਂ ਪ੍ਰਥਾ ਪਾ ਕੇ ਕੇਜਰੀਵਾਲ ਨੇ ਇਹ ਗੱਲ ਸੱਚ ਸਾਬਤ ਕਰ ਦਿੱਤੀ ਹੈ ਕਿ ਪੰਜਾਬ ਦੀ ਸਰਕਾਰ ਦਾ ਰਿਮੋਰਟ ਹੁਣ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਹੱਥ ਹੋਵੇਗਾ। ਉਨ੍ਹਾਂ ਕਿਹਾ ਕਿ ਰਾਜ ਸਭਾ ਵਿਚ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਪੰਜਾਬ ਦੀ ਵਕਾਲਤ ਕਰਦੇ ਹਨ, ਹੁਣ ਜੇ ਵਕੀਲ ਹੀ ਵਿਰੋਧੀ ਧਿਰ ਦਾ ਹੋਵੇਗਾ ਤਾਂ ਕੋਈ ਚੰਗੀ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ, ਸੂਬਿਆਂ ਦੇ ਅਧਿਕਾਰ ਖੇਤਰ ਵਿਚ ਕੇਂਦਰ ਦੀ ਦਖ਼ਲਅੰਦਾਜ਼ੀ ਅਤੇ ਰਾਜਧਾਨੀ ਦਾ ਮਸਲਾ ਸਿੱਧੇ ਤੌਰ ’ਤੇ ਕੇਂਦਰ ਨਾਲ ਟਕਰਾਅ ਵਾਲੇ ਹਨ। ਰਾਜ ਸਭਾ ਲਈ ਪੰਜਾਬ ਤੋਂ ਚੁਣੇ ਜਾਣ ਵਾਲੇ ਉਕਤ ਨੁਮਾਇੰਦਿਆਂ ’ਚੋਂ ਬਹੁਤੇ ਦਿੱਲੀ ਦੇ ਹਨ। ਇਹ ਨੁਮਾਇੰਦੇ ਦਿੱਲੀ ਦੇ ਹੱਕ ਵਿਚ ਭੁਗਤਣਗੇ ਜਾਂ ਪੰਜਾਬ ਦੇ ਹੱਕ ਵਿਚ, ਇਹ ਵੱਡਾ ਸਵਾਲ ਹੈ।