ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਜਨਵਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਸਿੰਘੂ ਬਾਰਡਰ ’ਤੇ ਸੂਬੇ ਦੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਵਿਧਾਇਕ ਕੁਲਬੀਰ ਸਿੰੰਘ ਜ਼ੀਰਾ ਉਪਰ ਹੋਏ ਹਮਲੇ ਪਿੱਛੇ ਕਿਸਾਨਾਂ ਦਾ ਨਹੀਂ, ਸਗੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਹੱਥ ਹੈ ਜਿਨ੍ਹਾਂ ਦਾ ਇੱਕ ਨੁਕਾਤੀ ਏਜੰਡਾ ਭਾਜਪਾ ਦੇ ਇਸ਼ਾਰੇ ’ਤੇ ਗੜਬੜ ਕਰਕੇ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨਾ ਹੈ। ਖੁੁਫੀਆ ਰਿਪੋਰਟਾਂ ਦੇ ਹਵਾਲੇ ਨਾਲ ਮੁੱਖ ਮੰਤਰੀ ਦਾ ਇਹ ਵੀ ਕਹਿਣਾ ਸੀ ਕਿ ‘ਆਪ’ ਵਰਕਰਾਂ ਨੇ ਕਿਸਾਨਾਂ ਵਿੱਚ ਘੁਸਪੈਠ ਕਰਕੇ ਸੋਚੀ ਸਮਝੀ ਸਾਜ਼ਿਸ਼ ਤਹਿਤ ਕਾਂਗਰਸੀ ਨੇਤਾਵਾਂ ’ਤੇ ਹਮਲਾ ਕੀਤਾ। ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਆਸ ਜਤਾਈ ਕਿ ਕਿਸਾਨਾਂ ਦਾ ਭਲ਼ਕੇ ਹੋਣ ਵਾਲਾ ਟਰੈਕਟਰ ਮਾਰਚ ਸ਼ਾਂਤਮਈ ਰਹੇਗਾ। ਕੈਪਟਨ ਨੇ ਕਿਸਾਨਾਂ ਦੇ ਟਰੈਕਟਰ ਪਰੇਡ ਨੂੰ ਭਾਰਤੀ ਗਣਤੰਤਰ ਅਤੇ ਇਸ ਦੀਆਂ ਸੰਵਿਧਾਨਕ ਕਦਰਾਂ-ਕੀਮਤਾਂ ਦਾ ਜਸ਼ਨ ਕਰਾਰ ਦਿੱਤਾ।