ਇਕਬਾਲ ਸਿੰਘ ਸ਼ਾਂਤ
ਲੰਬੀ, 21 ਜੂਨ
ਅੱਜ ਪਿਤਾ ਦਿਵਸ ਮੌਕੇ ਵੱਡੀ ਤਾਦਾਦ ’ਚ ਸੋਸ਼ਲ ਮੀਡੀਆ ’ਤੇ ਪਿਤਾ ਪ੍ਰਤੀ ਭਾਵਨਾਵਾਂ ਦਾ ਸੈਲਾਬ ਆਇਆ। ਦੇਸ਼ ’ਚ ਸਭ ਤੋਂ ਉਮਰ ਦਰਾਜ ਸਿਆਸਤਦਾਨ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਇਹ ਦਿਹਾੜਾ ਸਰਹੱਦਾਂ ’ਤੇ ਦੇਸ਼ ਲਈ ਸ਼ਹਾਦਤਾਂ ਦੇਣ ਵਾਲੇ ਬਹਾਦਰ ਫ਼ੌਜੀ ਜਵਾਨਾਂ ਦੇ ਪਿਤਾਵਾਂ ਨੂੰ ਸਮਰਪਿਤ ਕੀਤਾ ਹੈ। ਸ੍ਰੀ ਬਾਦਲ ਦੀਆਂ ਇਹ ਭਾਵਨਾਵਾਂ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਫੇਸਬੁਕ ’ਤੇ ਸਾਂਝੀਆਂ ਕੀਤੀਆਂ।
ਬਾਬਾ ਬੋਹੜ ਨੇ ਕਿਹਾ, ‘ਸਾਡੇ ਵਿੱਚੋਂ ਸਭ ਤੋਂ ਮਹਾਨ ਪਿਤਾ ਸਾਡੇ ਉਨ੍ਹਾਂ ਸੂਰਬੀਰ ਫ਼ੌਜੀਆਂ ਦੇ ਪਿਤਾ ਹਨ, ਜਿਨ੍ਹਾਂ ਫ਼ੌਜੀਆਂ ਨੇ ਸਾਡੇ ਮੁਲਕ ਦੀਆਂ ਸਰਹੱਦਾਂ, ਸਾਡੀ ਆਜ਼ਾਦੀ ਅਤੇ ਸਨਮਾਨ ਦੀ ਰਾਖੀ ਲਈ ਜਾਨਾਂ ਵਾਰ ਕੇ ਐਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਦਾ ਇਹ ਕਰਜ਼ਾ ਅਸੀਂ ਕਦੇ ਨਹੀਂ ਉਤਾਰ ਸਕਾਂਗੇ। ਪਰ ਆਓ ਅਸੀਂ ਸਾਰੇ, ਪੂਰੇ ਦਿਲ ਤੋਂ ਦੇਸ਼ ਦੇ ਉਨ੍ਹਾਂ ਕੌਮੀ ਨਾਇਕਾਂ ਦੇ ਪਿਤਾਵਾਂ ਅਤੇ ਪਰਿਵਾਰਾਂ ਦੇ ਨਾਲ ਖੜ੍ਹੀਏ।’
ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਉਨ੍ਹਾ ਦੇ ਪਿਤਾ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕਰ ਕੇ ਪਿਤਾ ਨੂੰ ‘ਨਿਰੰਤਰ ਮਾਰਗ ਦਰਸ਼ਕ’ ਦੱਸਿਆ। ਇਸਦੇ ਇਲਾਵਾ ਪੰਜਾਬ ਦੇ ਵਜੀਰ-ਏ-ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਨੇ ਮਰਹੂਮ ਪਿਤਾ ਗੁਰਦਾਸ ਸਿੰਘ ਬਾਦਲ ਅਤੇ ਦੋਵੇਂ ਬੱਚਿਆਂ ਨਾਲ ਤਸਵੀਰਾਂ ਸਾਂਝੀ ਕਰ ਕੇ ਲਿਖਿਆ, ‘ਦਾਸ ਜੀ, ਮੇਰਾ ਐਂਕਰ ਸੀ, ਮਾਰਗ ਦਰਸ਼ਕ ਰੌਸ਼ਨੀ ਅਤੇ ਸਭ ਤੋਂ ਵੱਡਾ ਸਮਰਥਕ ਸੀ। ਇਸ ਦਿਹਾੜੇ ਇੱਕ ਪਿਤਾ ਹੋਣ ਦੇ ਨਾਤੇ ਵੀ ਉਹ ਉਮੀਦ ਕਰਦੇ ਹਨ ਕਿ ਉਹ ਆਪਣੇ ਬੱਚਿਆਂ ਲਈ ਇਹੋ-ਜਿਹਾ ਸਹਿਯੋਗ ਅਤੇ ਮਾਰਗ ਦਰਸ਼ਨ ਪ੍ਰਦਾਨ ਕਰਨ ਦੇ ਯੋਗ ਹੋਣਗੇ।’
ਹਰ ਬੱਚੇ ਲਈ ਪਿਤਾ ਪਹਿਲਾ ਨਾਇਕ ਹੁੰਦੈ: ਸੁਖਬੀਰ ਬਾਦਲ
ਸੁਖਬੀਰ ਸਿੰਘ ਬਾਦਲ ਨੇ ਕਿਹਾ, ‘ਹਰੇਕ ਬੱਚੇ ਲਈ ਪਿਤਾ ਉਸਦਾ ਪਹਿਲਾ ਨਾਇਕ ਹੁੰਦਾ ਹੈ ਅਤੇ ਸਦਾ ਰਹਿੰਦਾ ਹੈ। ਮੇਰੇ ਪਿਤਾ ਲਈ ਮੈਂ ਜਿੰਨਾ ਵੀ ਸ਼ੁਕਰਾਨਾ ਕਰਾਂ, ਓਨਾ ਹੀ ਘੱਟ ਹੈ। ਮੈਂ ਅਜਿਹਾ ਇਸ ਕਰ ਕੇ ਵੀ ਕਹਿੰਦਾ ਹਾਂ, ਕਿਉਂਕਿ ਮੇਰਾ ‘ਪਹਿਲਾ ਤੇ ਸਦਾਬਹਾਰ ਨਾਇਕ’ ਮੇਰੇ ਵਰਗੇ ਦੁਨੀਆ ਭਰ ’ਚ ਵਸਦੇ ਅਣਗਿਣਤ ਲੋਕਾਂ ਲਈ ਉਨ੍ਹਾਂ ਦਾ ਵੀ ਨਾਇਕ ਹੈ।’ ਉਨ੍ਹਾਂ ਕਿਹਾ ਕਿ ਵੱਡੇ ਬਾਦਲ ਮਹਿਜ਼ ਇੱਕ ਚੰਗੇ ਇਨਸਾਨ ਜਾਂ ਸੰਸਥਾ ਜਿਹੀਆਂ ਸਾਰੀਆਂ ਪਰਿਭਾਸ਼ਾਵਾਂ ਤੋਂ ਅੱਗੇ ਹਨ।