ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 14 ਜੂਨ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਬਜਰੂੜ ਅਤੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਚੈਹੜਮਜਾਰਾ ਨੇ ਕਿਹਾ ਕਿ ਬਾਦਲਾਂ ਨੇ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਅਤੇ ਪੰਥਕ ਧਰਤੀ ਚਮਕੌਰ ਸਾਹਿਬ ਵਰਗੀਆਂ ਸੀਟਾਂ ਬਸਪਾ ਦੀ ਝੋਲੀ ਪਾ ਕੇ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਸਿਰਫ ਸੱਤਾ ਚਾਹੀਦੀ ਹੈ ਤੇ ਉਨ੍ਹਾਂ ਨੂੰ ਪੰਥ ਦੀ ਕੋਈ ਪ੍ਰਵਾਹ ਨਹੀਂ।
ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਅਕਾਲੀ ਦਲ ਅਤੇ ਬਸਪਾ ਵਿਚਕਾਰ ਹੋਇਆ ਗੱਠਜੋੜ ਮੌਕਾਪ੍ਰਸਤੀ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ 25 ਸਾਲ ਪਹਿਲਾਂ ਵੀ ਬਾਦਲਾਂ ਨੇ ਉਸ ਸਮੇਂ ਪਾਰਲੀਮੈਂਟ ਦੀਆਂ ਚੋਣਾਂ ਦੌਰਾਨ ਬਸਪਾ ਨਾਲ ਸਮਝੌਤਾ ਕੀਤਾ ਸੀ, ਪ੍ਰੰਤੂ ਕੁਝ ਮਹੀਨਿਆਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਬਸਪਾ ਨੂੰ ਧੋਖਾ ਦੇ ਕੇ ਬਾਦਲਾਂ ਨੇ ਭਾਜਪਾ ਨਾਲ ਸਮਝੌਤਾ ਕਰ ਲਿਆ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਉਸ ਸਮੇਂ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਜਿਉਂਦੇ ਜੀਅ ਅਕਾਲੀ ਦਲ ਦਾ ਭਾਜਪਾ ਨਾਲ ਕਦੇ ਗਠਜੋੜ ਨਹੀਂ ਟੁੱਟੇਗਾ ਪਰ ਇਸ ਦਾ ਸਬੂਤ ਹੁਣ ਸੂਬੇ ਦੇ ਲੋਕਾਂ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਬਾਦਲਾਂ ਦੇ ਰਾਜ ਸਮੇਂ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਨੂੰ ਅਜੇ ਭੁੱਲੇ ਨਹੀਂ ਹਨ ਤੇ ਵਿਧਾਨ ਸਭਾ ਚੋਣਾਂ ਦੋਰਾਨ ਬਾਦਲਾਂ ਨੂੰ ਇਸ ਦੀ ਸਜ਼ਾ ਜ਼ਰੂਰ ਦੇਣਗੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਹੀ ਅਸਲੀ ਅਕਾਲੀ ਦਲ ਦੱਸਦਿਆਂ ਕਿਹਾ ਕਿ ਬਾਦਲਾਂ ਨਾਲ ਜੁੜੇ ਵੱਡੀ ਗਿਣਤੀ ਟਕਸਾਲੀ ਅਕਾਲੀ ਜਲਦੀ ਹੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਿਲ ਹੋਣਗੇ।