ਪੱਤਰ ਪ੍ਰੇਰਕ
ਅਟਾਰੀ, 10 ਦਸੰਬਰ
ਅਟਾਰੀ ਸਰਹੱਦ ਨੇੜੇ ਜਨਮਿਆ ਬੱਚਾ ‘ਬਾਰਡਰ ਰਾਮ’ ਕਾਗਜ਼ਾਤ ਮੁਕੰਮਲ ਹੋਣ ਉਪਰੰਤ ਅੱਜ ਆਪਣੇ ਮਾਪਿਆਂ ਤੇ ਚਾਰ ਭੈਣ-ਭਰਾਵਾਂ ਨਾਲ ਅਟਾਰੀ-ਵਾਹਗਾ ਸਰਹੱਦ ਦੇ ਰਸਤੇ ਵਤਨ ਪਰਤ ਗਿਆ। ਪਾਕਿਸਤਾਨੀ ਹਿੰਦੂ ਪਰਿਵਾਰ ਦੇ ਮੁਖੀ ਬਾਲਮ ਰਾਮ ਨੇ ਮਦਦ ਕਰਨ ਵਾਲੇ ਅਟਾਰੀ ਵਾਸੀਆਂ ਦਾ ਵਤਨ ਵਾਪਸੀ ਮੌਕੇ ਧੰਨਵਾਦ ਕੀਤਾ। ਜ਼ਿਕਰਯੋਗ ਹੈ ਬੀਤੇ ਢਾਈ ਮਹੀਨਿਆਂ ਤੋਂ 99 ਪਾਕਿਸਤਾਨੀ ਹਿੰਦੂ ਯਾਤਰੀ ਕਾਗਜ਼ਾਤ ਮੁਕੰਮਲ ਨਾ ਹੋਣ ਕਾਰਨ ਅਟਾਰੀ ਸਰਹੱਦ ਦੇ ਬਾਹਰ ਬੈਠੇ ਵਤਨ ਪਰਤਣ ਦੀ ਉਡੀਕ ਕਰ ਰਹੇ ਸਨ। ਕਾਗਜ਼ਾਤ ਮੁਕੰਮਲ ਹੋਣ ਉਪਰੰਤ 6 ਦਸੰਬਰ ਨੂੰ 93 ਹਿੰਦੂ ਯਾਤਰੀ ਅਟਾਰੀ-ਵਾਹਗਾ ਸਰਹੱਦ ਰਸਤੇ ਵਤਨ ਪਰਤ ਗਏ, ਜਦੋਂਕਿ ਬਾਲਮ ਰਾਮ ਦੇ ਘਰ ਨਵਜੰਮੇ ਬੱਚੇ ‘ਬਾਰਡਰ ਰਾਮ’ ਦੇ ਕਾਗਜ਼ਾਤ ਨਾ ਹੋਣ ਕਾਰਨ 7 ਮੈਂਬਰਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਮੋੜ ਦਿੱਤਾ ਸੀ। ਬਾਅਦ ਵਿੱਚ ‘ਬਾਰਡਰ’ ਦਾ ਅੰਮ੍ਰਿਤਸਰ ’ਚ ਜਨਮ ਸਰਟੀਫਿਕੇਟ ਬਣਾਉਣ ਤੇ ਪਾਕਿਸਤਾਨੀ ਸਫ਼ਾਰਤਖਾਨੇ ਤੋਂ ਐਮਰਜੈਂਸੀ ਪਾਸਪੋਰਟ ਬਣਾਉਣ ਮਗਰੋਂ ਪਰਿਵਾਰ ਦੀ ਵਾਪਸੀ ਹੋਈ ਹੈ।