ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਮਈ
ਧਰਮਕੋਟ ਨੇੜਲੇ ਪਿੰਡ ਢੋਲੇਵਾਲਾ ਵਿੱਚ ਕਥਿਤ ਸ਼ਰਾਬ ਦੇ ਨਸ਼ੇ ਵਿੱਚ ਟੁੰਨ ਇੱਕ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਦੀ ਗੱਡੀ ਇੱਕ ਮੋਟਰਸਾਈਕਲ ਨਾਲ ਟਕਰਾਉਣ ਕਾਰਨ ਮਾਂ-ਧੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰੀਤ ਕੌਰ ਅਤੇ ਮੁਸਕਾਨ ਕੌਰ (18) ਵਜੋਂ ਹੋਈ ਹੈ। ਹਾਦਸੇ ਵੇਲੇ ਗੱਡੀ ਐੱਸਐੱਮਓ ਡਾ. ਰਾਕੇਸ਼ ਕੁਮਾਰ ਬਾਲੀ ਖੁਦ ਚਲਾ ਰਹੇ ਸਨ। ਉਹ ਕੋਟ ਈਸੇ ਖਾਂ ਕਮਿਊਨਿਟੀ ਹੈਲਥ ਸੈਂਟਰ ਵਿੱਚ ਤਾਇਨਾਤ ਹਨ।
ਜਾਣਕਾਰੀ ਅਨੁਸਾਰ ਬੀਤੀ ਸ਼ਾਮ ਲਖਵੀਰ ਸਿੰਘ ਆਪਣੀ ਪਤਨੀ ਪ੍ਰੀਤ ਕੌਰ ਅਤੇ ਦੋ ਬੇਟੀਆਂ ਨਾਲ ਮੋਟਰਸਾਈਕਲ ’ਤੇ ਪਿੰਢ ਢੋਲੇਵਾਲ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਜਲਾਲਾਬਾਦ ਨੇੜੇ ਹਾਈਵੇਅ ’ਤੇ ਚੜ੍ਹੇ ਤਾਂ ਐੱਸਐੱਮਓ ਦੀ ਗੱਡੀ ਉਨ੍ਹਾਂ ਦੇ ਮੋਟਰਸਾਈਕਲ ਨਾਲ ਆ ਟਕਰਾਈ, ਜਿਸ ਕਾਰਨ ਪ੍ਰੀਤ ਕੌਰ ਅਤੇ ਮੁਸਕਾਨ ਕੌਰ ਦੀ ਮੌਤ ਹੋ ਗਈ ਤੇ ਢਾਈ ਸਾਲ ਦੀ ਬੇਟੀ ਜ਼ਖ਼ਮੀ ਹੋ ਗਈ।
ਧਰਮਕੋਟ ਦੇ ਡੀਐੱਸਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਨ੍ਹਾਂ ਲਖਵੀਰ ਸਿੰਘ ਵਾਸੀ ਫ਼ਤਿਹਗੜ੍ਹ ਪੰਜਤੂਰ ਦੇ ਬਿਆਨਾਂ ਦੇ ਆਧਾਰ ’ਤੇ ਐੱਸਐੱਮਓ ਡਾ. ਰਾਕੇਸ਼ ਕੁਮਾਰ ਬਾਲੀ ਵਾਸੀ ਨਕੋਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਜਦੋਂ ਉਨ੍ਹਾਂ ਮੁਲਜ਼ਮ ਐੱਸਐੱਮਓ ਨੂੰ ਹਿਰਾਸਤ ਵਿੱਚ ਲਿਆ ਤਾਂ ਉਹ ਕਥਿਤ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਹ ਹੀ ਖੁਦ ਗੱਡੀ ਚਲ ਰਿਹਾ ਸੀ। ਪੁਲੀਸ ਨੇ ਉਸ ਦੀ ਗੱਡੀ ਵੀ ਕਬਜ਼ੇ ਵਿੱਚ ਲੈ ਲਈ ਹੈ।
ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ
ਮਮਦੋਟ (ਪੱਤਰ ਪ੍ਰੇਰਕ): ਇੱਥੇ ਫਿਰੋਜ਼ਪੁਰ-ਫਾਜ਼ਿਲਕਾ ਮਾਰਗ ’ਤੇ ਪਿੰਡ ਸਦਰਦੀਨ ਨੇੜੇ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਕਾਰ ਦਰੱਖਤ ਨਾਲ ਟਕਰਾਉਣ ਕਾਰਨ ਕਾਰ ਵਿੱਚ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਲਾਲਚੀਆਂ ਦਾ ਡਾਕਟਰ ਰਮਨ ਆਪਣੇ ਦੋ ਸਾਥੀਆਂ ਅਤੇ ਇੱਕ ਲੜਕੀ ਨਾਲ ਕਾਰ ’ਤੇ ਫਿਰੋਜ਼ਪੁਰ ਵੱਲੋਂ ਲਾਲਚੀਆਂ ਵੱਲ ਜਾ ਰਿਹਾ ਸੀ। ਪਿੰਡ ਸਦਰਦੀਨ ਨੇੜੇ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਉਨ੍ਹਾਂ ਦੀ ਕਾਰ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਰਮਨ ਅਤੇ ਲਵਪ੍ਰੀਤ ਕੌਰ ਦੀ ਮੌਤ ਹੋ ਗਈ ਤੇ ਉਨ੍ਹਾਂ ਦਾ ਇੱਕ ਹੋਰ ਸਾਥੀ ਜ਼ਖ਼ਮੀ ਹੋ ਗਈ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।