ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜਨਵਰੀ
ਦਿੱਲੀ ਅਤੇ ਨੇੜਲੇ ਇਲਾਕਿਆਂ ਵਿੱਚ ਅੱਜ ਭਰਵਾਂ ਮੀਂਹ ਪੈਣ ਕਾਰਨ ਠੰਢ ਹੋਰ ਵੱਧ ਗਈ ਹੈ ਪਰ ਇਸ ਦੇ ਬਾਵਜੂਦ 39 ਦਿਨਾਂ ਤੋਂ ਧਰਨੇ ’ਤੇ ਡਟੇ ਕਿਸਾਨਾਂ ਦੇ ਹੌਸਲੇ ਪਸਤ ਨਹੀਂ ਹੋਏ ਹਨ। ਨੌਜਵਾਨ ਕਿਸਾਨਾਂ ਨੇ ਸਿੰਘੂ ਬਾਰਡਰ ਅਤੇ ਚਿੱਲਾ (ਨੋਇਡਾ) ਵਿਖੇ ਆਪਣੀਆਂ ਕਮੀਜ਼ਾਂ ਲਾਹ ਕੇ ਇਹ ਦਰਸਾ ਦਿੱਤਾ ਕਿ ਠੰਢ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੀ ਹੈ। ਨੰਗੇ ਧੜ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ‘ਜੈ ਜਵਾਨ, ਜੈ ਕਿਸਾਨ’ ਦੇ ਨਾਅਰੇ ਵੀ ਲਾਏ। ਬੀਤੇ ਦਿਨ ਟਿਕਰੀ ਬਾਰਡਰ ’ਤੇ ਵੀ ਨੌਜਵਾਨਾਂ ਨੇ ਭਰਵੇਂ ਮੀਂਹ ਮਗਰੋਂ ਆਪਣੀਆਂ ਕਮੀਜ਼ਾਂ ਉਤਾਰ ਕੇ ਮੈਟਰੋ ਰੇਲ ਦੀ ਪੱਟੜੀ ਹੇਠਾਂ ਮਾਰਚ ਕੀਤਾ ਸੀ। ਨੌਜਵਾਨਾਂ ਨੇ ਕਿਹਾ ਕਿ ਪੋਹ ਦੀਆਂ ਸਰਦ ਰਾਤਾਂ ਨੂੰ ਖੇਤ ਸਿੰਜਣੇ ਇਸ ਮੌਸਮ ਤੋਂ ਕਿਤੇ ਜ਼ਿਆਦਾ ਔਖੇ ਹੁੰਦੇ ਹਨ ਪਰ ਦਿੱਲੀ ਦਾ ਇਹ ਮੌਸਮ ਉਨ੍ਹਾਂ ਦੇ ਹੌਸਲੇ ਨਹੀਂ ਡੇਗ ਸਕਦਾ ਹੈ। ਉਨ੍ਹਾਂ ਕਿਹਾ,‘‘ਜੇਕਰ ਕੇਂਦਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਉਹ 26 ਜਨਵਰੀ ਦੇ ਟਰੈਕਟਰ ਮਾਰਚ ਵਿੱਚ ਨੰਗੇ ਧੜ ਸ਼ਾਮਲ ਹੋਣਗੇ।’’ ਅੱਜ ਪਏ ਮੀਂਹ ਕਾਰਨ ਸਿੰਘੂ, ਚਿੱਲਾ, ਟਿਕਰੀ, ਗਾਜ਼ੀਪੁਰ, ਪਲਵਲ ਤੇ ਸ਼ਾਹਜਹਾਂਪੁਰ ਦੇ ਧਰਨਿਆਂ ਵਿੱਚ ਕੁਝ ਪ੍ਰੇਸ਼ਾਨੀ ਜ਼ਰੂਰ ਹੋਈ ਪਰ ਕਿਸਾਨਾਂ ਨੇ ਸੜਕਾਂ ਉਪਰ ਖੜ੍ਹੇ ਪਾਣੀ ਨੂੰ ਪਾਣੀ ਕੱਢ ਦਿੱਤਾ। ਸਿੰਘੂ ਬਾਰਡਰ ’ਤੇ ਹੇਮਕੁੰਟ ਫਾਊਂਡੇਸ਼ਨ ਵੱਲੋਂ ਸਰਦ ਹਵਾਵਾਂ ਤੇ ਮੀਂਹ ਤੋਂ ਬੇਅਸਰ ਟੈਂਟ ਮੁਹੱਈਆ ਕਰਵਾਏ ਗਏ। ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੂੰ ਟੈਂਟ ਅਤੇ ਤਰਪਾਲਾਂ ਦੇਣ ਦਾ ਪ੍ਰਬੰਧ ਕੀਤਾ। ਕਈ ਕਿਸਾਨਾਂ ਨੇ ਮੀਂਹ ਤੋਂ ਬਚਣ ਲਈ ਖ਼ੁਦ ਵੀ ਇੰਤਜ਼ਾਮ ਕੀਤੇ ਹੋਏ ਹਨ। ਸਮਾਜ ਸੇਵੀ ਸੰਸਥਾਵਾਂ ਨੇ ਕਿਸਾਨਾਂ ਨੂੰ ਦੇਸੀ ਗੀਜ਼ਰ ਵੀ ਮੁਹੱਈਆ ਕਰਵਾਏ ਹੋਏ ਹਨ।