ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜਨਵਰੀ
‘ਜੂਝਦਾ ਪੰਜਾਬ’ ਜਥੇਬੰਦੀ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕਾਨਫਰੰਸ ਦੌਰਾਨ ਸਪੱਸ਼ਟ ਕੀਤਾ ਕਿ ਜਥੇਬੰਦੀ ਸਿਆਸੀ ਧਿਰਾਂ ਦੀ ਜਵਾਬਦੇਹੀ ਬਣਾਉਣ ਲਈ ਕੰਮ ਕਰ ਰਹੀ ਹੈ ਅਤੇ ਇਸ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਜਥੇਬੰਦੀ ਦੇ ਆਗੂ ਅਮਿਤੋਜ ਮਾਨ, ਸਿੱਪੀ ਗਿੱਲ, ਹਮੀਰ ਸਿੰਘ, ਸਰਬਜੀਤ ਧਾਲੀਵਾਲ ਤੇ ਹੈਪੀ ਮਾਨ ਨੇ ਪੰਜਾਬ ਹਮਾਇਤੀਆਂ ਨੂੰ ਇੱਕ ਝੰਡੇ ਹੇਠ ਇਕੱਠੇ ਹੋ ਕੇ ਇੱਕੋ ਏਜੰਡੇ ’ਤੇ ਕੰਮ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪੰਜਾਬ ਨੂੰ ਰਵਾਇਤੀ ਪਾਰਟੀਆਂ ਤੋਂ ਮੁਕਤ ਕਰਕੇ ਪੰਜਾਬੀਆਂ ਦੇ ਭਵਿੱਖ ਨੂੰ ਸੰਵਾਰਿਆ ਜਾ ਸਕੇ। ਅਮਿਤੋਜ ਮਾਨ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਨੇ ‘ਜੂਝਦਾ ਪੰਜਾਬ’ ਦੇ 32 ਮੁੱਦਿਆਂ ’ਤੇ ਆਧਾਰਤ ਏਜੰਡੇ ਨੂੰ ਆਪਣੇ ਚੋਣ ਐਲਾਨ ਪੱਤਰ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਨੇ ‘ਜੂਝਦਾ ਪੰਜਾਬ’ ਦੇ ਤਿੰਨ ਮੈਂਬਰਾਂ ਨੂੰ ਮੈਨੀਫੈਸਟੋ ਕਮੇਟੀ ਵਿੱਚ ਪਾਉਣ ਲਈ ਨਾਵਾਂ ਦਾ ਐਲਾਨ ਕੀਤਾ ਸੀ ਪਰ ਜਥੇਬੰਦੀ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਕਿਸੇ ਸਿਆਸੀ ਧਿਰ ਨਾਲ ਕੋਈ ਸਬੰਧ ਨਹੀਂ ਹੈ। ਅਮਿਤੋਜ ਮਾਨ ਨੇ ਕਿਹਾ ਕਿ ਸਿਆਸੀ ਪਾਰਟੀਆਂ ਪੰਜਾਬ ਨੂੰ ਬਚਾਉਣ ਦੇ ਨਾਮ ’ਤੇ ਨਵੇਂ-ਨਵੇਂ ਨਾਅਰੇ ਦੇਣ ਲੱਗੀਆਂ ਹਨ ਜਦਕਿ ਪੰਜਾਬ ਨੂੰ ਬਚਾਉਣ ਲਈ ਨਾਅਰਿਆਂ ਦੀ ਨਹੀਂ, ਇੱਕ ਏਜੰਡੇ ਦੀ ਲੋੜ ਹੈ, ਜਿਸ ਨਾਲ ਸਾਰੇ ਕੰਮਾਂ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ‘ਜੂਝਦਾ ਪੰਜਾਬ’ ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਥਾਂ-ਥਾਂ ’ਤੇ ਮੀਟਿੰਗਾਂ ਕਰ ਕੇ ਲੋਕਾਂ ਨੂੰ ਜਾਗਰੂਕ ਕਰੇਗੀ ਤਾਂ ਜੋ ਲੋਕ ਵੋਟ ਦੀ ਵਰਤੋਂ ਕਰਨ ਤੋਂ ਪਹਿਲਾਂ ਨਵੇਂ ਪੰਜਾਬ ਦੇ ਮਾਡਲ ਵੱਲ ਧਿਆਨ ਜ਼ਰੂਰ ਦੇਣ। ਸਿੱਪੀ ਗਿੱਲ ਨੇ ਕਿਹਾ ਕਿ ਅੱਜ ਤੱਕ ਪੰਜਾਬ ਦੀ ਸਿਆਸਤ ਵਿੱਚ ਵਾਅਦੇ ਤਾਂ ਵੱਡੇ-ਵੱਡੇ ਹੋਏ ਪਰ ਕੰਮ ਕੋਈ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹੁਣ ਸਾਰੀਆਂ ਪਾਰਟੀਆਂ ਨੂੰ ਕੰਮ ਕਰਨਾ ਪਵੇਗਾ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ‘ਜੂਝਦਾ ਪੰਜਾਬ’ ਵੱਖ-ਵੱਖ ਮੁੱਦੇ ਲੋਕਾਂ ਵਿੱਚ ਲੈ ਕੇ ਜਾਵੇਗੀ।