ਸੁੰਦਰ ਨਾਥ ਆਰਿਆ
ਅਬੋਹਰ, 5 ਮਾਰਚ
ਹਰਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਭਗਵਾਨਪੁਰਾ ਯੂਕਰੇਨ ਤੋਂ ਸਹੀ ਸਲਾਮਤ ਆਪਣੇ ਘਰ ਪਹੁੰਚ ਗਿਆ ਹੈ। ਘਰ ਪਹੁੰਚਣ ’ਤੇ ਉਸ ਦੇ ਪਰਿਵਾਰਕ ਮੈਂਬਰਾਂ, ਦੋਸਤਾਂ-ਮਿੱਤਰਾਂ ਅਤੇ ਇਲਾਕਾ ਵਾਸੀਆਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ। ਮਾਂ ਨੇ ਜਦੋਂ ਆਪਣੇ ਲਾਡਲੇ ਨੂੰ ਜੱਫੀ ਪਾਈ ਤਾਂ ਮਾਹੌਲ ਭਾਵੁਕ ਹੋ ਗਿਆ। ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਯੂਕਰੇਨ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਹੈ ਤੇ ਇਹ ਉਸ ਦਾ ਆਖਰੀ ਸਾਲ ਸੀ। ਉੱਥੇ ਸਥਿਤੀ ਬਹੁਤ ਖਰਾਬ ਹੋ ਗਈ ਹੈ ਅਤੇ ਹਜ਼ਾਰਾਂ ਭਾਰਤੀ ਵਿਦਿਆਰਥੀ ਹਾਲੇ ਵੀ ਉਥੇ ਫਸੇ ਹੋਏ ਹਨ।
ਉਸ ਨੇ ਦੱਸਿਆ ਕਿ ਉਹ ਬੜੀ ਮੁਸ਼ਕਲ ਨਾਲ ਯੂਕਰੇਨ ਦੀ ਸਰਹੱਦ ਪਾਰ ਕਰਕੇ ਰੇਲਗੱਡੀ ਰਾਹੀਂ ਪੋਲੈਂਡ ਪਹੁੰਚਿਆ ਤੇ ਉਥੋਂ ਦਿੱਲੀ। ਹਰਜਿੰਦਰ ਅਨੁਸਾਰ ਰੂਸ ਵੱਲੋਂ ਭਾਰੀ ਬੰਬਾਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਪੂਰਾ ਖਾਰਕੀਵ ਸ਼ਹਿਰ ਤਬਾਹ ਹੋਣ ਕੰਢੇ ਪਹੁੰਚ ਗਿਆ ਹੈ। ਜ਼ਿਆਦਾਤਰ ਭਾਰਤੀ ਉਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਯੂਕਰੇਨ ਦੇ ਲੋਕਾਂ ਵੱਲੋਂ ਰੇਲ ਗੱਡੀ ’ਚ ਨਹੀਂ ਚੜ੍ਹਨ ਦਿੱਤਾ ਜਾ ਰਿਹਾ। ਹੱਥਾਂ ਵਿੱਚ ਤਿਰੰਗੇ ਫੜਨ ਬਾਰੇ ਉਸ ਨੇ ਦੱਸਿਆ ਕਿ ਕਈ ਥਾਈਂ ਫੌਜ ਵੱਲੋਂ ਉਨ੍ਹਾਂ ਨਾਲ ਸਹੀ ਵਿਵਹਾਰ ਕੀਤਾ ਗਿਆ, ਪਰ ਕਈ ਥਾਈਂ ਤਿਰੰਗਾ ਚੁੱਕਣ ਵਾਲਿਆਂ ’ਤੇ ਹਮਲੇ ਵੀ ਹੋਏ।
ਹਰਜਿੰਦਰ ਨੇ ਦੱਸਿਆ ਕਿ ਉਹ ਸਿਰਫ਼ ਇੱਕ ਬੈਗ ਤੇ ਕੁਝ ਨਕਦੀ ਲੈ ਕੇ ਨਿਕਲਿਆ ਸੀ।
ਉਸ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੋਲੈਂਡ, ਰੋਮਾਨੀਆ, ਹੰਗਰੀ ਸਮੇਤ ਪੰਜ ਦੇਸ਼ਾਂ ਦੀ ਸਰਹੱਦ ’ਤੇ ਕੈਂਪ ਲਾਏ ਗਏ ਹਨ, ਪਰ ਇਹ ਮਦਦ ਜੇਕਰ ਕੁਝ ਸਮਾਂ ਪਹਿਲਾਂ ਮਿਲ ਜਾਂਦੀ ਤਾਂ ਵੱਡੀ ਗਿਣਤੀ ਪਰਿਵਾਰ ਮੁਸੀਬਤਾਂ ਝੱਲਣ ਤੋਂ ਬਚ ਜਾਂਦੇ।
ਖੱਜਲ-ਖੁਆਰੀ ਮਗਰੋਂ ਘਰ ਪਰਤੇ ਤਪਾ ਮੰਡੀ ਦੇ ਦੋ ਨੌਜਵਾਨ
ਤਪਾ ਮੰਡੀ (ਸੀ. ਮਾਰਕੰਡਾ): ਯੂਕਰੇਨ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਏ ਤਪਾ ਦੇ ਦੋ ਨੌਜਵਾਨ ਕੁੰਵਰ ਸ਼ਰਮਾ ਅਤੇ ਹਰਸ਼ਿਤ ਬਾਂਸਲ ਲੰਮੀ ਜੱਦੋਜਹਿਦ ਤੋਂ ਬਾਅਦ ਸੁਰੱਖਿਅਤ ਘਰ ਪਰਤ ਆਏ ਹਨ। ਕੁੰਵਰ ਨੇ ਦੱਸਿਆ ਕਿ ਖਾਰਕੀਵ ’ਚ ਉਨ੍ਹਾਂ ਨੂੰ ਕੋਈ ਢੁਕਵੀਂ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਨੂੰ ਇਹ ਹੀ ਕਿਹਾ ਗਿਆ ਕਿ ਇੱਥੇ ਕੋਈ ਵੱਡੀ ਜੰਗ ਨਹੀਂ ਲੱਗੇਗੀ। ਇਹ ਰੂਸ-ਯੂਕਰੇਨ ਦਾ ਪੁਰਾਣਾ ਮਸਲਾ ਹੈ। ਉਸ ਨੇ ਕਿਹਾ ਕਿ ਗੋਲਾਬਾਰੀ ਦੌਰਾਨ ਵੀ ਵਿਦਿਆਰਥੀ ਆਪਣੇ ਹੀਲਿਆਂ ਰਾਹੀਂ ਸੁਰੱਖਿਅਤ ਜਗ੍ਹਾ ’ਤੇ ਪਹੁੰਚੇ ਹਨ। ਇਸੇ ਤਰ੍ਹਾਂ ਯੂਕਰੇਨ ਦੇ ਬਾਰਡਰ ’ਤੇ ਉੱਥੇ ਦੀ ਫ਼ੌਜ ਵੱਲੋਂ ਵਿਦਿਆਰਥੀਆਂ ਨਾਲ ਮਾੜਾ ਵਿਹਾਰ ਕੀਤਾ ਗਿਆ। ਉਸ ਨੇ ਸਰਕਾਰ ਤੋਂ ਭਾਰਤ ਵਿੱਚ ਹੀ ਪੜ੍ਹਾਈ ਲਈ ਚੰਗੇ ਹੀਲੇ ਕਰਨ ਦੀ ਮੰਗ ਕੀਤੀ ਤਾਂ ਜੋ ਨੌਜਵਾਨਾਂ ਨੂੰ ਵਿਦੇਸ਼ ਵੱਲ ਨਾ ਜਾਣਾ ਪਵੇ।