ਮੁੱਖ ਅੰਸ਼
- ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਸਰਗਰਮ ਮੈਂਬਰ ਰਿਹੈ ਪਟਿਆਲਵੀ
- ਏਜੀਟੀਐਫ ਨੇ ਡੇਰਾਬੱਸੀ ਨੇੜਿਓਂ ਕੀਤਾ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਅਪਰੈਲ
ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਅੱਜ ‘ਮੋਸਟ ਵਾਂਟੇਡ’ ਅਤਿਵਾਦੀ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਸਰਗਰਮ ਮੈਂਬਰ ਚਰਨਜੀਤ ਸਿੰਘ ਉਰਫ਼ ਪਟਿਆਲਵੀ ਨੂੰ ਗ੍ਰਿਫ਼ਤਾਰ ਕੀਤਾ ਹੈ| ਚਰਨਜੀਤ ਪਟਿਆਲਵੀ 12 ਸਾਲਾਂ ਤੋਂ ਵੱਖ-ਵੱਖ ਪਛਾਣ ਅਤੇ ਛੁਪਣਗਾਹਾਂ ਨਾਲ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਡੀਆਈਜੀ (ਏਜੀਟੀਐਫ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਦੇ ਪਿੰਡ ਬੂਟਾ ਸਿੰਘ ਵਾਲਾ ਦੇ ਵਸਨੀਕ ਚਰਨਜੀਤ ਪਟਿਆਲਵੀ ਨੂੰ ਥਾਣਾ ਮਾਛੀਵਾੜਾ ਵਿਚ ਐਕਸਪਲੋਸਿਵ ਐਕਟ ਦੀ ਧਾਰਾ 4/5 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 17/18/20 ਅਧੀਨ ਦਰਜ ਐਫ.ਆਈ.ਆਰ. ਨੰਬਰ 154, ਮਿਤੀ 23-07-2010 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਏਆਈਜੀ ਏ.ਜੀ.ਟੀ.ਐਫ. ਗੁਰਮੀਤ ਸਿੰਘ ਚੌਹਾਨ ਅਤੇ ਡੀਐੱਸਪੀ ਏਜੀਟੀਐਫ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਏਜੀਟੀਐਫ ਦੀਆਂ ਟੀਮਾਂ ਨੇ ਪਟਿਆਲਵੀ ਨੂੰ ਡੇਰਾਬੱਸੀ ਦੇ ਪਿੰਡ ਲਾਲੀ ਦੇ ਗੁਰਦੁਆਰਾ ਸਾਹਿਬ ਨੇੜਿਓਂ ਗ੍ਰਿਫਤਾਰ ਕੀਤਾ। ਭੁੱਲਰ ਨੇ ਦੱਸਿਆ ਕਿ ਪਟਿਆਲਵੀ ਗ੍ਰੰਥੀ ਦਾ ਭੇਸ ਬਣਾ ਕੇ ਪੱਛਮੀ ਬੰਗਾਲ ਦੇ ਖੜਗਪੁਰ ਸਥਿਤ ਗੁਰਦੁਆਰੇ ਵਿੱਚ ਰਹਿ ਰਿਹਾ ਸੀ ਅਤੇ ਕਿਸੇ ਵੀ ਸੰਚਾਰ ਸਾਧਨ ਦੀ ਵਰਤੋਂ ਨਹੀਂ ਸੀ ਕਰ ਰਿਹਾ। ਉਸ ਕੋਲੋਂ ਬੰਗਾਲ ਦੇ ਪਤੇ ਵਾਲੇ ਵੱਖ-ਵੱਖ ਪਛਾਣ ਪੱਤਰ ਬਰਾਮਦ ਕੀਤੇ ਗਏ ਹਨ। ਹੋਰ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਚਰਨਜੀਤ ਪਟਿਆਲਵੀ ਬੀਕੇਆਈ ਅਤਿਵਾਦੀ ਦਾ ਸਰਗਰਮ ਮੈਂਬਰ ਸੀ। ਉਹ 2007 ਵਿੱਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਬੰਬ ਧਮਾਕਿਆਂ ਅਤੇ 2010 ਵਿੱਚ ਕਾਲੀ ਮਾਤਾ ਮੰਦਰ, ਪਟਿਆਲਾ ਅਤੇ ਅੰਬਾਲਾ ਵਿਖੇ ਹੋਏ ਬੰਬ ਧਮਾਕਿਆਂ ਦੀ ਸਾਜ਼ਿਸ਼ ਵਿਚ ਸ਼ਾਮਲ ਸੀ। ਪੰਜਾਬ ਪੁਲੀਸ ਨੇ 2010 ਵਿਚ ਪਟਿਆਲਵੀ ਦੇ ਬਾਕੀ ਸਾਰੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਪੁੱਛ ਪੜਤਾਲ ਲਈ ਮਾਛੀਵਾੜਾ ਥਾਣੇ ਲਿਆਂਦਾ ਗਿਆ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਐਂਟੀ-ਗੈਂਗਸਟਰ ਟਾਸਕ ਫੋਰਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਚਰਨਜੀਤ ਪਟਿਆਲਵੀ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਮਾਛੀਵਾੜਾ ਪੁਲੀਸ ਥਾਣੇ ਲਿਆਂਦਾ ਗਿਆ ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੁਲੀਸ ਵੱਲੋਂ ਚਰਨਜੀਤ ਪਟਿਆਲਵੀ ਦੇ ਮਾਛੀਵਾੜਾ ਇਲਾਕੇ ਵਿਚ ਜੋ ਸੰਪਰਕ ਹਨ, ਉਨ੍ਹਾਂ ਨੂੰ ਤਲਾਸ਼ਿਆ ਜਾਵੇਗਾ ਕਿਉਂਕਿ 2010 ਵਿਚ ਪਟਿਆਲਵੀ ਮਾਛੀਵਾੜਾ ਨੇੜੇ ਸਤਲੁਜ ਦਰਿਆ ਦੇ ਬੰਨ੍ਹ ਤੋਂ ਹੀ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋਇਆ ਸੀ। ਮਾਛੀਵਾੜਾ ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਚਰਨਜੀਤ ਪਟਿਆਲਵੀ ਉਨ੍ਹਾਂ ਦੇ ਥਾਣੇ ਦਾ ਭਗੌੜਾ ਹੈ ਜਿਸ ਦੀ ਗ੍ਰਿਫ਼ਤਾਰੀ ਪਾਈ ਜਾਵੇਗੀ।