ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਜੂਨ
ਮੋਗਾ ਪੁਲੀਸ ਨੇ ਬੇਰੁਜ਼ਗਾਰ ਲੜਕੀਆਂ ਨਾਲ ਠੱਗੀਆਂ ਮਾਰਨ ਵਾਲੇ ਅਤੇ ਅਫ਼ੀਮ ਤਸਕਰੀ ਕੇਸ ’ਚ ਕੈਦ ਕੱਟ ਚੁੱਕੇ ਨਕਲੀ ਆਈਪੀਐੱਸ ਅਫ਼ਸਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਗਰੀਬ ਪਰਿਵਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਨਿਆਣਿਆਂ ਨੂੰ ਨੌਕਰੀਆਂ ਦੇਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਦਾ ਸੀ। ਡੀਐੱਸਪੀ (ਵਿਸੇਸ਼ ਅਪਰਾਧ) ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਸਨਪ੍ਰੀਤ ਕੌਰ ਵਾਸੀ ਧਰਮਕੋਟ ਅਤੇ ਰਮਨਦੀਪ ਕੌਰ ਪਿੰਡ ਬੱਗੇ(ਧਰਮਕੋਟ) ਦੀ ਸ਼ਿਕਾਇਤ ਉੱਤੇ ਜਗਰਾਜ ਸਿੰਘ ਪਿੰਡ ਦਹੇੜਕਾ (ਲੁਧਿਆਣਾ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਗਰੇਜੂਏਟ ਹੈ ਅਤੇ ਉਹ ਸਰਕਾਰੀ ਦਫ਼ਤਰਾਂ ’ਚ ਆਈਪੀਐੱਸ ਪਾਸ ਹੋਣ ਦੀ ਗੱਲ ਆਖਕੇ ਪ੍ਰਭਾਵ ਬਣਾਉਂਦਾ ਸੀ। ਐੱਫ਼ਆਈਆਰ ਮੁਤਾਬਕ ਮੁਲਜ਼ਮ ਹੁਣ ਤੱਕ ਮੋਗਾ ਤੇ ਲੁਧਿਆਣਾ ਜ਼ਿਲ੍ਹਿਆਂ ’ਚ 85 ਤੋਂ ਵੱਧ ਲੋਕਾਂ ਨਾਲ ਠੱਗੀਆਂ ਮਾਰ ਚੁੱਕਾ ਹੈ। ਦੋਵੇਂ ਸ਼ਿਕਾਇਤਕਰਤਾ ਲੜਕੀਆਂ ਗਰੀਬ ਪਰਿਵਾਰਾਂ ਦੀਆਂ ਹਨ ਤੇ ਉਨ੍ਹਾਂ ਤੋਂ 60 ਹਜ਼ਾਰ ਰੁਪਏ ਲੈ ਕੇ ਉਨ੍ਹਾਂ ਨੂੰ ਜੁਡੀਸ਼ਲ ਵਿਭਾਗ ਦਾ ਜਾਅਲੀ ਪਛਾਣ ਪੱਤਰ ਦੇ ਨਾਲ ਚਿੱਟੀ ਟੀ ਸ਼ਰਟ, ਕਾਲੀ ਪੈਂਟ ਤੇ ਟਾਈ ਵੀ ਦਿੱਤੀ।