ਪਾਲ ਸਿੰਘ ਨੌਲੀ
ਜਲੰਧਰ, 20 ਫਰਵਰੀ
ਸ਼ਹਿਰ ਵਿੱਚ ਬਣਾਏ ‘ਗੁਲਾਬੀ ਬੂਥ’ ਇਸ ਵਾਰ ਖਿੱਚ ਦਾ ਕੇਂਦਰ ਬਣੇ। ਇਨ੍ਹਾਂ ਗੁਲਾਬੀ ਬੂਥਾਂ ’ਤੇ ਚੋਣ ਕਮਿਸ਼ਨ ਵੱਲੋਂ ਕੀਤੇ ਗਏ ਇੰਤਜ਼ਾਮ ਦੇਖਣਯੋਗ ਸਨ। ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿੱਚ ਬਣਾਏ ਗਏ ਪੋਲਿੰਗ ਸਟੇਸ਼ਨ ’ਤੇ ਵੋਟ ਪਾਉਣ ਆਏ ਵੋਟਰਾਂ ਨੂੰ ਵਿਲੱਖਣ ਅਨੁਭਵ ਹੋਇਆ। ਉਨ੍ਹਾਂ ਨੂੰ ਕਾਲਜ ਦੇ ਗੇਟ ਤੋਂ 200 ਮੀਟਰ ਦੂਰ ਬਣੇ ਪੋਲਿੰਗ ਬੂਥ ’ਤੇ ਲਿਜਾਣ ਲਈ ਬੈਟਰੀ ਵਾਲੀਆਂ ਈ-ਗੱਡੀਆਂ ਖੜ੍ਹੀਆਂ ਸਨ। ਗੁਲਾਬੀ ਰੰਗ ਦੇ ਸ਼ਾਮਿਆਨੇ ’ਚ ਬਿਠਾ ਕੇ ਵੋਟਰਾਂ ਨੂੰ ਉਨ੍ਹਾਂ ਦੇ ਮੋਬਾਈਲ ਤੇ ਹੋਰ ਸਾਮਾਨ ਬਾਹਰ ਛੱਡ ਕੇ ਜਾਣ ਲਈ ਲੌਕਰ ਦਿੱਤੇ ਗਏ। ਵੇਟਿੰਗ ਲੌਂਜ ਵਿੱਚ ਚਾਹ, ਲੱਸੀ ਤੇ ਜੂਸ ਆਦਿ ਸਣੇ ਔਰਤਾਂ ਲਈ ਨੇਲ ਆਰਟ ਕਰਵਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਲਗਪਗ 1700 ਵੋਟਰਾਂ ਨੇ ਅੱਜ ਇਸ ਗੁਲਾਬੀ ਬੂਥ ’ਤੇ ਵੋਟ ਪਾਈ। ਜਿਵੇਂ ਹੀ ਵੋਟਰ ਕੈਂਪਸ ਵਿੱਚ ਦਾਖਲ ਹੋਏ, ਰਿਸੈਪਸ਼ਨ ’ਤੇ ਖੜ੍ਹੇ ਦੋ ਵਿਦਿਆਰਥੀ ਵਾਲੰਟੀਅਰਾਂ ਨੇ ਉਨ੍ਹਾਂ ਦੇ ਵੋਟਰ ਆਈਡੀ ਕਾਰਡਾਂ ਦੀ ਜਾਂਚ ਕੀਤੀ। ਵੋਟਰਾਂ ਦਾ ਸਵਾਗਤ ਲਾਈਵ ਸ਼ੇਰਾ ਬਣੀ ਵਿਦਿਆਰਥਣ ਵੱਲੋਂ ਕੀਤਾ ਗਿਆ। ਜਿਹੜੇ ਵੋਟਰ ਆਪਣੇ ਬੱਚਿਆਂ ਨਾਲ ਆਏ ਸਨ, ਉਨ੍ਹਾਂ ਲਈ ਕਰੈੱਚ ਦਾ ਪ੍ਰਬੰਧ ਵੀ ਕੀਤਾ ਗਿਆ, ਜਿੱਥੇ ਬੱਚਿਆਂ ਲਈ ਟੀਵੀ ਤੇ ਖਿਡੌਣਿਆਂ ਨਾਲ ਸੰਗੀਤ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਵੋਟ ਪਾਉਣ ਤੋਂ ਬਾਅਦ ਵੋਟਰਾਂ ਨੂੰ ਵੇਰਕਾ ਦੀ ਲੱਸੀ ਜਾਂ ਜੂਸ ਵੰਡੇ ਗਏ।