ਸੰਤੋਖ ਗਿੱਲ
ਗੁਰੂਸਰ ਸੁਧਾਰ, 15 ਫਰਵਰੀ
ਮਾਤ ਭਾਸ਼ਾ ਦਿਵਸ ਸਮਾਗਮਾਂ ਦੀ ਲੜੀ ਤਹਿਤ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਅੱਜ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ, ਦਾਖਾ ਵਿੱਚ ‘ਖੇਤੀ ਸਰੋਕਾਰ ਅਤੇ ਮਾਤ ਭਾਸ਼ਾ’ ਵਿਸ਼ੇ ’ਤੇ ਲੁਧਿਆਣਾ, ਮੋਗਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੀ ਪੰਜਾਬੀ ਭਾਸ਼ਾ ਚੇਤਨਾ ਕਾਨਫਰੰਸ ਕਰਵਾਈ ਗਈ। ਕਿਸਾਨੀ ਸੰਘਰਸ਼ ਨੂੰ ਸਮਰਪਿਤ ਇਸ ਕਾਨਫਰੰਸ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ, ਸਾਹਿਤ ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ, ਕਾਲਜ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਰਣਧੀਰ ਸਿੰਘ ਸੇਖੋਂ, ਕਾਲਜ ਪ੍ਰਿੰਸੀਪਲ ਡਾ. ਅਵਤਾਰ ਸਿੰਘ, ਸੈਮੀਨਾਰ ਇੰਚਾਰਜ ਡਾ. ਹਰਜੀਤ ਸਿੰਘ, ਸਮਾਗਮ ਕਨਵੀਨਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਤਰਲੋਚਨ ਝਾਂਡੇ ਸ਼ਾਮਲ ਹੋਏ। ਸਭ ਤੋਂ ਪਹਿਲਾਂ ਦੋ ਮਿੰਟ ਦਾ ਮੋਨ ਧਾਰ ਕੇ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਇਸ ਦੌਰਾਨ ਡਾ. ਸਿਰਸਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰੀ ਸਭਾ ਕਿਸਾਨੀ ਸੰਘਰਸ਼ ਅਤੇ ਮਾਤ ਭਾਸ਼ਾ ਨੂੰ ਸਮਰਪਿਤ ਹੈ। ਲੇਖਕ ਲਿਖਤਾਂ ਰਾਹੀਂ ਵੀ ਅਤੇ ਮੈਦਾਨ ਵਿੱਚ ਜਾ ਕੇ ਵੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਵਿਦਵਾਨ ਤੇ ਕਮਾਲਪੁਰ ਕਾਲਜ ਦੇ ਪ੍ਰਿੰਸੀਪਲ ਡਾ. ਬਲਵੰਤ ਸਿੰਘ ਨੇ ਵਿਦਿਆਰਥੀਆਂ ਦੀਆਂ ਭਾਸ਼ਾ ਅਤੇ ਪੇਂਡੂ ਵਿਰਸੇ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਸੁਖਚਰਨਜੀਤ ਕੌਰ ਗਿੱਲ ਅਤੇ ਹਰਬੰਸ ਮਾਲਵਾ ਨੇ ਇਨਕਲਾਬੀ ਗੀਤ ਸੁਣਾਏ। ਡਾ. ਜੋਗਾ ਸਿੰਘ ਨੇ ਮੁੱਖ ਭਾਸ਼ਨ ਦੌਰਾਨ ਕਿਹਾ ਕਿ ਲੋਕ ਸਿਆਣਪਾਂ ਸਾਡੇ ਵੱਡੇ ਵੱਡੇ ਮਾਹਿਰਾਂ ਦੇ ਸੰਕਲਪਾਂ ਨੂੰ ਮਾਤ ਪਾਉਂਦੀਆਂ ਹਨ। ਡਾ. ਸੁਰਜੀਤ ਬਰਾੜ, ਦੀਪ ਦਿਲਬਰ, ਸੁਖਚਰਨਜੀਤ ਕੌਰ ਗਿੱਲ, ਮਲਕੀਤ ਸਿੰਘ ਬਰ੍ਹਮੀ ਅਤੇ ਹਰਬਖਸ਼ ਸਿੰਘ ਗਰੇਵਾਲ ਨੇ ਵੀ ਮੁੱਖ ਭਾਸ਼ਨ ਤੇ ਚਰਚਾ ਵਿੱਚ ਹਿੱਸਾ ਲਿਆ।
ਕੇਂਦਰੀ ਸਭਾ ਦੇ ਮੀਤ ਪ੍ਰਧਾਨ ਕਰਮ ਸਿੰਘ ਵਕੀਲ ਨੇ ਜਥੇਬੰਦਕ ਜ਼ਰੂਰਤਾਂ ’ਤੇ ਜ਼ੋਰ ਦਿੰਦਿਆਂ ਸਭਾਵਾਂ ਨੂੰ ਹੋਰ ਪੱਕੇ ਪੈਰੀਂ ਕਰਨ ਲਈ ਸੁਝਾਅ ਦਿੱਤੇ। ਦਰਸ਼ਨ ਬੁੱਟਰ ਨੇ ਕਾਨਫਰੰਸ ਸਫ਼ਲ ਬਣਾਉਣ ਲਈ ਵਿਦਿਆਰਥੀਆਂ, ਪ੍ਰਬੰਧਕੀ ਟੀਮ, ਕਾਲਜ ਪ੍ਰਸ਼ਾਸਨ ਅਤੇ ਸਭਾਵਾਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਕਾਨਫਰੰਸ ਵਿੱਚ ਵੱਖ-ਵੱਖ ਸਾਹਿਤ ਸਭਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ’ਚ ਜਗਦੀਸ਼ ਪ੍ਰੀਤਮ, ਜਸ਼ਨਜੀਤ ਸਮਾਲਸਰ, ਜਗੀਰ ਸਿੰਘ ਖੋਖਰ, ਰਵੀ ਰਵਿੰਦਰ, ਕੇ. ਸਾਧੂ ਸਿੰਘ, ਕਸਤੂਰੀ ਲਾਲ, ਰਜਿੰਦਰ ਮੱਲ੍ਹਾ, ਭੁਪਿੰਦਰ ਧਾਲੀਵਾਲ, ਉਜਾਗਰ ਲਲਤੋਂ, ਜਗਦੇਵ ਸਿੰਘ ਕਲਸੀ, ਕੰਵਲ ਢਿੱਲੋਂ, ਜਗਮੋਹਣ ਸਿੰਘ ਗੁਰਨੂਰ, ਰਾਜਦੀਪ ਤੂਰ, ਹਰਭਜਨ ਸਿੰਘ ਲਲਤੋਂ, ਭਗਵਾਨ ਢਿੱਲੋਂ, ਬਲਕੌਰ ਸਿੰਘ ਗਿੱਲ, ਡਾ. ਸੁਨੀਤਾ ਰਾਣੀ, ਡਾ. ਸੁਖਜੀਤ ਕੌਰ, ਬਲਵਿੰਦਰ ਗਲੈਕਸੀ, ਦਰਸ਼ਨ ਬੋਪਾਰਾਏ ਤੇ ਹਰਮਿੰਦਰ ਸਿੰਘ ਸ਼ਾਮਲ ਹੋਏ।
ਸੋਮ ਪਾਲ ਹੀਰਾ ਨੇ ‘ਗੋਦੀ ਮੀਡੀਆ ਝੂਠ ਬੋਲਦਾ ਹੈ’ ਨਾਟਕ ਖੇਡਿਆ
ਰੰਗਕਰਮੀ ਸੋਮ ਪਾਲ ਹੀਰਾ ਦੇ ਇੱਕ ਪਾਤਰੀ ਨਾਟਕ ‘ਗੋਦੀ ਮੀਡੀਆ ਝੂਠ ਬੋਲਦਾ ਹੈ’ ਨੇ ਸਮਾਗਮ ਦੀ ਸ਼ਾਨ ਵਿੱਚ ਹੋਰ ਵਾਧਾ ਕੀਤਾ। ਇਸ ਮੌਕੇ ਡਾ. ਸੁਰਜੀਤ ਬਰਾੜ ਦੀ ਸੰਪਾਦਕੀ ਹੇਠ ਛਪਦਾ ਤਿਮਾਹੀ ਰਸਾਲਾ ‘ਲੋਹਮਣੀ’ ਅਤੇ ਉਨ੍ਹਾਂ ਦੀ ਕਿਸਾਨੀ ਸੰਕਟ ਬਾਰੇ ਛਪੀ ਪੁਸਤਕ ‘ਪੂੰਜੀਵਾਦੀ ਵਿਸ਼ਵੀਕਰਨ ਕਿਸਾਨੀ-ਖੇਤੀ ਸੰਕਟ ਅਤੇ ਖੇਤੀ ਕਾਨੂੰਨ’ ਲੋਕ ਅਰਪਣ ਕੀਤੀ ਗਈ।