ਅਜੈ ਮਲਹੋਤਰਾ
ਸਰਹਿੰੰਦ/ਫ਼ਤਹਿਗੜ੍ਹ ਸਾਹਿਬ, 24 ਮਾਰਚ
ਸੰਯੁਕਤ ਕਿਸਾਨ ਮੋਰਚੇ ਦੀ ਰਹਿਨੁਮਾਈ ਹੇਠ ਅੱਜ ਸਰਹਿੰਦ ਦੀ ਨਵੀਂ ਅਨਾਜ ਮੰਡੀ ਵਿੱਚ ਕੀਤੀ ਮਹਾਕਿਸਾਨ ਮਜ਼ਦੂਰ ਏਕਤਾ ਰੈਲੀ ਦੌਰਾਨ ਕਿਸਾਨ ਆਗੂਆਂ ਨੇ ਮੰਚ ਤੋਂ ਮੋਦੀ ਸਰਕਾਰ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਪੰਜਾਬੀ ਨਾ ਧੱਕਾ ਕਰਦੇ ਹਨ ਤੇ ਨਾ ਹੀ ਸਹਿੰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ’ਤੇ ਲੀਕ ਮਾਰਨ ਦੀ ਥਾਂ ਕਿਸਾਨ ਅੰਦੋਲਨ ਨੂੰ ਹੀ ਤਾਰਪੀਡੋ ਕਰਨ ਦੀਆਂ ਵਿਉਂਤਾਂ ਘੜ ਰਹੀ ਹੈ, ਜੋ ਨਾਕਾਮ ਸਾਬਤ ਹੋਈਆਂ ਹਨ। ਆਗੂਆਂ ਨੇ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਦੀਆਂ ਘੁਰਕੀਆਂ ਤੋਂ ਡਰਨ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣੀ ਹਊਮੈ ਤੇ ਅੜੀ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨੇ। ਕਿਸਾਨ ਆਗੂਆਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਤੇ ਹੱਕਾਂ ਦੀ ਪ੍ਰਾਪਤੀ ਕਿਸਾਨ ਅੰਦੋਲਨ ਦਾ ਅਸਲ ਟੀਚਾ ਹੈ। ਰੈਲੀ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਪਾਲ, ਹਰਿਆਣਾ ਕਿਸਾਨ ਜਥੇਬੰਦੀ ਤੋਂ ਪ੍ਰੇਮ ਸਿੰਘ ਗਹਿਲਾਵਤ ਅਤੇ ਬੀਕੇਯੂ (ਹਰਿਆਣਾ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਸ਼ਾਮਲ ਹੋਏ। ਰੈਲੀ ਵਿੱਚ ਕਿਸਾਨ ਬੀਬੀਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਦਾ ਲਾਮਿਸਾਲ ਇਕੱਠ ਰਿਹਾ। ਕਿਸਾਨ ਆਗੂਆਂ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਮੁੱਢੋਂ ਰੱਦ ਕਰਨ ਦੀ ਮੰਗ ਕਰਦਿਆਂ ਰੋਸ ਜ਼ਾਹਿਰ ਕੀਤਾ।
ਬੀਕੇਯੂ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਪੰਜਾਬੀਆਂ ਨੇ ਨਾ ਤਾਂ ਕਿਸੇ ਨਾਲ ਧੱਕਾ ਕੀਤਾ ਹੈ ਅਤੇ ਨਾ ਹੀ ਕਿਸੇ ਦਾ ਧੱਕਾ ਜਰਿਆ ਹੈ। ਉਨ੍ਹਾਂ ਕਿਹਾ ਕਿ ਸਰਹਿੰਦ ਦੀ ਇਸ ਧਰਤੀ ਤੋਂ ਮੁਗਲਾਂ ਦੇ ਜਬਰ ਅਤੇ ਜ਼ੁਲਮ ਖ਼ਿਲਾਫ਼ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਨੇ ਸ਼ਹਾਦਤ ਦਾ ਜਾਮ ਪੀ ਕੇ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਕਿਹਾ ਕਿ ਅੱਜ ਉਸੇ ਧਰਤੀ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਪੰਜਾਬ ਦੇ ਕਿਸਾਨ, ਮਜ਼ਦੂਰ ਅਤੇ ਹਰ ਵਰਗ ਦੇ ਲੋਕ ਮੋਦੀ ਸਰਕਾਰ ਵਿਰੁੱਧ ਸੱਚ ਅਤੇ ਆਪਣੇ ਜਾਇਜ਼ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਕਿਹਾ ਮੋਦੀ ਹਕੂਮਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਆਮ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਹੁਣ ਲੋਕ ਭਲੀਭਾਂਤ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਕਿਸਾਨ ਅੰਦੋਲਨ ਨੂੰ ਹੀ ਕਮਜ਼ੋਰ ਕਰਨ ਲਈ ਪੂਰੀ ਵਾਹ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਜੁਗਤਾਂ ਦਾ ਕਿਸਾਨਾਂ ’ਤੇ ਕੋਈ ਅਸਰ ਨਹੀਂ ਹੋਣ ਵਾਲਾ। ਰਾਜੇਵਾਲ ਨੇ ਮੋਦੀ ਹਕੂਮਤ ’ਤੇ ਦੇਸ਼ ਦੇ ਸੋਮੇ ਕੁਝ ਖਾਸ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਦੇਸ਼ ਦੀ 140 ਕਰੋੜ ਜਨਤਾ ਨੂੰ ਅਣਗੌਲਿਆਂ ਕਰਕੇ ਕੁਝ ਖਾਸ ਲੋਕਾਂ ਨੂੰ ਫਾਇਦਾ ਦੇਣਾ ਕੀ ‘ਸਭ ਦਾ ਵਿਕਾਸ ਤੇ ਸਭ ਦਾ ਵਿਸ਼ਵਾਸ’ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਕਿਸਾਨਾਂ ਦੇ ਸਬਰ ਨੂੰ ਪਰਖਣਾ ਬੰਦ ਕਰੇ।
ਕਿਸਾਨ ਆਗੂ ਡਾਕਟਰ ਦਰਸ਼ਨ ਪਾਲ ਨੇ ਮੋਦੀ ਹਕੂਮਤ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਵਿੱਢੀ ਇਸ ਲੜਾਈ ਨੂੰ ਸਾਂਝੀਵਾਲਤਾ, ਸਬਰ ਅਤੇ ਸਿਦਕ ਨਾਲ ਜਿੱਤ ਕੇ ਦਿੱਲੀ ਤੋਂ ਵਾਪਸ ਪਰਤਣਗੇ। ਰੈਲੀ ’ਚ ਮੌਜੂਦ ਆਗੂਆਂ ਨੇ ਕਿਹਾ ਕਿ ਕਿਸਾਨ ਮੋਦੀ ਹਕੂਮਤ ਵੱਲੋਂ ਉਨ੍ਹਾਂ ਖ਼ਿਲਾਫ਼ ਦਰਜ ਕੇਸਾਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਕਿਸਾਨ-ਮਜ਼ਦੂਰ ਏਕਤਾ ਅੰਦੋਲਨ ਦੀ ਹਮਾਇਤ ਕਰਨ ਦੀ ਅਪੀਲ ਕੀਤੀ। ਦਰਸ਼ਨ ਪਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਇਕਲੌਤਾ ਮਕਸਦ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਥਿਤ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ ਕਿਉਂਕਿ ਭਵਿੱਖ ’ਚ ਇਹ ਕਿਸਾਨਾਂ ਦੀ ਮੌਤ ਦੇ ਵਾਰੰਟ ਸਾਬਤ ਹੋਣਗੇ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨ ਸੰਯੁਕਤ ਮੋਰਚੇ ਦਾ ਚੋਣਾਂ ਲੜਨ ਦਾ ਕੋਈ ਇਰਾਦਾ ਨਹੀਂ ਜੇਕਰ ਕੋਈ ਜੱਥੇਬੰਦੀ ਚੋਣਾਂ ’ਚ ਹਿੱਸਾ ਲੈਂਦੀ ਹੈ ਤਾਂ ਉਹ ਇਹ ਫ਼ੈਸਲਾ ਆਪਣੇ ਪੱਧਰ ਤੇ ਕਰੇ ਜਾਂ ਨਾ ਕਰੇ ਸੰਯੁਕਤ ਮੋਰਚੇ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ।
ਗੁਰਨਾਮ ਸਿੰਘ ਚੜੂਨੀ ਨੇ ਕੇਂਦਰ ਸਰਕਾਰ ’ਤੇ ਪੂੰਜੀਤੀਆਂ ਨਾਲ ਮਿਲ ਕੇ ਆਮ ਜਨਤਾ ਦੇ ਹੱਕ ਮਾਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਿਸਾਨ ਆਪਣਾ ਹੱਕ ਮੰਗ ਰਹੇ ਹਨ, ਜੇਕਰ ਕੋਈ ਮੰਗਣ ’ਤੇ ਹੱਕ ਨਾ ਦੇਵੇ ਤਾਂ ਖੋਹਣੇ ਵੀ ਪੈਂਦੇ ਹਨ। ਉਨ੍ਹਾਂ ਕਿਹਾ, ‘ਇਹ ਖੇਤੀ ਸੁਧਾਰ ਕਾਨੂੰਨ ਨਹੀਂ ਸਗੋਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਬਣਾਏ ਗਏ ਕਾਲੇ ਕਾਨੂੰਨ ਹਨ ਜਿਨ੍ਹਾਂ ਨੂੰ ਅਸੀਂ ਸਿਰੇ ਤੋਂ ਖਾਰਜ ਕਰਦੇ ਹਾਂ।’ ਉਨ੍ਹਾਂ ਸਵਾਲ ਕੀਤਾ ਕਿ ਕਿਸਾਨੀ ਸੰਘਰਸ਼ ਦੌਰਾਨ ਇੰਨੇ ਕਿਸਾਨ ਸ਼ਹੀਦ ਹੋਣ ’ਤੇ ਵੀ ਸਰਕਾਰ ਚੁੱਪ ਕਿਉਂ ਹੈ। ਚੜੂਨੀ ਨੇ ਕਿਹਾ ਕਿ ਮੋਦੀ ਹਕੂਮਤ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ।
ਕਿਸਾਨ ਆਗ ੂਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਦਮਨਕਾਰੀ ਨੀਤੀਆਂ ਕਿਸਾਨਾਂ ਨੂੰ ਆਪਣੇ ਨਿਸ਼ਾਨੇ ਤੋਂ ਭਟਕਾ ਨਹੀਂ ਸਕਦੀਆਂ। ਉਨ੍ਹਾਂ ਕਿਹਾ, ‘ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਪਸ ਵਿੱਚ ਤੋੜਨ ਦੀਆਂ ਸਾਰੀਆਂ ਚਾਲਾਂ ਖੇਡ ਕੇ ਦੇਖ ਲਈਆਂ ਹਨ। ਮੈ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਮੋਦੀ ਸਰਕਾਰ ਤਿੰਨੋਂ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਸਾਡੀ ਸਰਕਾਰ ਨਾਲ ਕੋਈ ਗੱਲ ਨਹੀ ਹੋ ਸਕਦੀ।’ ਉਨ੍ਹਾਂ ਕਿਹਾ ਕਿ ਜੋ ਕਿਸਾਨ ਅੱਜ ਧਰਨਿਆਂ ’ਚ ਸ਼ਾਮਲ ਨਹੀ ਹੋ ਰਹੇ ਜਾਂ ਕਿਸਾਨਾਂ ਦੇ ਹੱਕਾਂ ਲਈ ਹਾਅ ਦਾ ਨਾਅਰਾ ਨਹੀ ਮਾਰ ਰਹੇ ਉਨ੍ਹਾਂ ਨੂੰ ਕਿਸਾਨ ਕਹਾਉਣ ਦਾ ਕੋਈ ਨੈਤਿਕ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਜਾਂ ਤਾਂ ਖੇਤੀ ਕਾਨੂੰਨ ਰੱਦ ਕਰਵਾਵਾਂਗੇ ਜਾਂ ਉੱਥੇ ਹੀ ਸ਼ਹੀਦੀਆਂ ਪਾਵਾਂਗੇ। ਰੈਲੀ ਨੂੰ ਪ੍ਰੇਮ ਸਿੰਘ ਗਹਿਲਾਵਤ ਅਤੇ ਭਾਈ ਹਰਪਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਵਕੀਲ ਭਾਈਚਾਰੇ, ਕਿਸਾਨ ਜਥੇਬੰਦੀਆਂ, ਮਹਿਲਾ ਮੋਰਚੇ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਨੇ ਵੀ ਕਿਸਾਨ-ਮਜ਼ਦੂਰ ਏਕਤਾ ਦੇ ਝੰਡੇ ਹੇਠ ਰੈਲੀ ’ਚ ਸ਼ਿਰਕਤ ਕੀਤੀ। ਰੈਲੀ ਵਿੱਚ ਜਤਿੰਦਰ ਸਿੰਘ ਪੰਜਕੋਹਾ, ਵਰਿੰਦਰਪਾਲ ਸਿੰਘ ਸ਼ਾਹੀ, ਨਿਰਮਲ ਸਿੰਘ ਫੱਗਣਮਾਜਰਾ, ਸਾਬਕਾ ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਅਮਰਜੀਤ ਸਿੰਘ ਗਿੱਲ, ਗੁਰਸਤਿੰਦਰ ਸਿੰਘ ਜੱਲਾ, ਗੁਰਮੀਤ ਸਿੰਘ ਜੱਲਾ, ਸਾਧੂ ਰਾਮ ਭੱਟਮਾਜਰਾ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਸਮਾਜਿਕ, ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਰੈਲੀ ਦੌਰਾਨ ਕਿਸਾਨਾਂ ਵੱਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਫ਼ਤਹਿਗੜ੍ਹ ਸਾਹਿਬ ਦੀ ਸਮੂਹ ਸੰਗਤ ਵੱਲੋਂ ਕਿਸਾਨ ਆਗੂਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।