ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਸਤੰਬਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਉਚ ਪੱਧਰੀ ਕਮੇਟੀ ਬਣਾਉਣ ਜੋ ਸਤਿਕਾਰ ਕਮੇਟੀਆਂ ਕੋਲੋਂ ਸੰਗਤ ਪਾਸੋਂ ਚੁੱਕ ਕੇ ਲਿਆਂਦੇ ਪਾਵਨ ਸਰੂਪਾਂ ਤੇ ਹੋਰ ਸਾਮਾਨ ਦੇ ਵੇਰਵੇ ਇਕੱਠੇ ਕਰੇ। ਉਨ੍ਹਾਂ ਇਨ੍ਹਾਂ ਵੇਰਵਿਆਂ ਨੂੰ ਜਨਤਕ ਕਰਨ ਬਾਰੇ ਵੀ ਕਿਹਾ।
ਸਤਿਕਾਰ ਕਮੇਟੀਆਂ ਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਪਾਵਨ ਸਰੂਪਾਂ ਦੀ ਬੇਅਦਬੀ ਮਾਮਲੇ ਵਿਚ 14 ਸਤੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ’ਤੇ ਭਾਈ ਲੌਂਗੋਵਾਲ ਨੇ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਇਨ੍ਹਾਂ ਜਥੇਬੰਦੀਆਂ ਨੇ ਕੱਲ੍ਹ ਪੁਲੀਸ ਕਮਿਸ਼ਨਰ ਨੂੰ ਵੀ ਮੰਗ ਪੱਤਰ ਦਿੰਦਿਆਂ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ।
ਅੱਜ ਇਸ ਮਾਮਲੇ ਵਿਚ ਸ੍ਰੀ ਲੌਂਗੋਵਾਲ ਨੇ ਆਖਿਆ ਕਿ ਮੰਜੀ ਸਾਹਿਬ ਦੀਵਾਨ ਹਾਲ ਵਿਚ ਕਿਸੇ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਹ ਸਥਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਨਾਲ ਸਬੰਧਤ ਇਤਿਹਾਸਕ ਅਸਥਾਨ ਹੈ ਅਤੇ ਇਸ ਦੀ ਮਰਿਆਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਰਿਕਾਰਡ ਵਿਚੋਂ ਘੱਟ ਗਏ ਪਾਵਨ ਸਰੂਪਾਂ ਦੇ ਮਾਮਲੇ ਵਿਚ ਜਾਂਚ ਰਿਪੋਰਟ ਦੇ ਆਧਾਰ ’ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦੇਣ ਦੀ ਥਾਂ ਕੁਝ ਲੋਕ ਵਿਰੋਧ ਕਰ ਰਹੇ ਹਨ। ਉਨ੍ਹਾਂ ਵਿਰੋਧ ਕਰ ਰਹੇ ਸਤਿਕਾਰ ਕਮੇਟੀ ਦੇ ਆਗੂਆਂ ਨੂੰ ਸਵਾਲ ਕੀਤਾ ਕਿ ਉਹ ਇਸ ਮਾਮਲੇ ਵਿਚ ਸਿਆਸਤ ਕਰਨ ਦੀ ਥਾਂ ਕੌਮ ਨੂੰ ਇਹ ਦੱਸਣ ਕਿ ਜਿਹੜੇ ਪਾਵਨ ਸਰੂਪ ਉਹ ਵੱਖ ਵੱਖ ਥਾਵਾਂ ਤੋਂ ਚੁੱਕ ਕੇ ਲਿਆਏ ਹਨ, ਉਹ ਕਿੱਥੇ ਹਨ, ਇਸ ਤੋਂ ਇਲਾਵਾ ਨਿਸ਼ਾਨ ਸਾਹਿਬ, ਪਾਲਕੀਆਂ, ਰੁਮਾਲੇ ਆਦਿ ਦਾ ਹਿਸਾਬ ਵੀ ਸੰਗਤ ਸਾਹਮਣੇ ਰੱਖਿਆ ਜਾਵੇ। ਉਨ੍ਹਾਂ ਇਸ ਮਾਮਲੇ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸਤਿਕਾਰ ਕਮੇਟੀਆਂ ਕੋਲੋਂ ਇਸ ਸਬੰਧੀ ਹਿਸਾਬ ਲੈਣ। ਉਹ ਇਸ ਸਬੰਧੀ ਇਕ ਉਚ ਪੱਧਰੀ ਕਮੇਟੀ ਬਣਾਉਣ। ਉਨ੍ਹਾਂ ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਵਲੋਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਖ਼ਿਲਾਫ਼ ਵਰਤੀ ਸ਼ਬਦਾਵਲੀ ਦਾ ਸਖਤ ਵਿਰੋਧ ਕਰਦਿਆਂ ਉਸ ਨੂੰ ਸਭਿਅਕ ਦਾਇਰੇ ਵਿਚ ਰਹਿਣ ਲਈ ਆਖਿਆ ਹੈ।