ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਨਵੰਬਰ
ਸੂਬੇ ’ਚ ਦਾਨੀਆਂ ਦੀ ਸਹਾਇਤਾ ਨਾਲ ਰਾਜ ਸਰਕਾਰ ਵੱਲੋਂ ਸਿੱਖਿਆ ਪੱਧਰ ਉੱਚਾ ਚੁੱਕਣ ਲਈ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ। ਸਮਾਰਟ ਸਕੂਲਾਂ ਦੀਆਂ ਇਮਾਰਤਾਂ ਉੱਤੇ ਖਰਚ ਦਾਨੀਆਂ ਤੇ ਪਰਵਾਸੀ ਪੰਜਾਬੀਆਂ ਵੱਲੋਂ ਕੀਤੇ ਗਏ ਹਨ ਪਰ ਵਾਹ ਵਾਹ ਰਾਜ ਸਰਕਾਰ ਖੱਟ ਗਈ। ਇਥੇ ਜ਼ਿਲ੍ਹੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 40 ਸਮਾਰਟ ਬਣੇ ਸਰਕਾਰੀ ਸਕੂਲਾਂ ਦਾ ਵਰਚੁਅਲ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੂਬੇ ਦੇ 19 ਹਜ਼ਾਰ ਤੋਂ ਵਧੇਰੇ ਸਕੂਲਾਂ ਵਿੱਚੋਂ 6832 ਸਕੂਲਾਂ ਨੂੰ ਸਮਾਰਟ ਬਣਾ ਦਿੱਤਾ ਗਿਆ ਹੈ, ਜਿਸ ਉਤੇ 690 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸੇ ਤਰ੍ਹਾਂ ਇਸ ਸਾਲ ਵੀ 1400 ਹੋਰ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਟੀਚਾ ਹੈ। ਇਸ ਮੌਕੇ ਸਕੂਲਾਂ ਨੂੰ 106 ਟੈਬਲੇਟ ਮੁਹੱਈਆ ਕਰਵਾਏ। ਇਸ ਮੌਕੇ ਸਿੱਖਿਆ ਵਿਭਾਗ ਦੇ ਮਿਸ਼ਨ ਸ਼ਤ ਪ੍ਰਤੀਸ਼ਤ ਦਾ ਵੀ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬੀ ਸਪਤਾਹ ਦੀ ਰਸਮੀ ਸਮਾਪਤੀ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਟੈਬਲੇਟ ਵੰਡਣ ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸਨਰ ਸੰਦੀਪ ਹੰਸ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਦਾਖਲੇ ਦੀ ਦਰ ਵੀ 15 ਫੀਸਦੀ ਦੇ ਕਰੀਬ ਵਧੀ ਹੈ। ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਕੌਰ ਨੇ ਪੁਸ਼ਟੀ ਕੀਤੀ ਕਿ ਸਮਾਰਟ ਸਕੂਲਾਂ ਲਈ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਦਾਨੀਆਂ ਦਾ ਵੀ ਵੱਡਾ ਸਹਿਯੋਗ ਹੈ। ਉਨ੍ਹਾਂ ਕਿਹਾ ਕਈ ਸਕੂਲਾਂ ਉੱਤੇ ਸਰਕਾਰੀ ਗ੍ਰਾਂਟ ਵੀ ਖਰਚ ਹੋਈ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ, ਐੱਸਡੀਐੱਮ ਸਤਵੰਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਕੇਸ਼ ਮੱਕੜ ਤੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।