ਸੰਜੀਵ ਤੇਜਪਾਲ
ਮੋਰਿੰਡਾ, 4 ਨਵੰਬਰ
ਇਥੋਂ ਦੇ ਇਕ ਘਰ ਵਿੱਚ ਚੋਰੀ ਕਰਨ ਦੇ ਕਥਿਤ ਇਰਾਦੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਚੋਰ ਲੋਹੇ ਦੀ ਰੇਲਿੰਗ ਵਿੱਚ ਫਸ ਗਿਆ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਊਸ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋ ਗਏ ਤੇ ਉਸ ਨੂੰ ਬੜੀ ਮੁਸ਼ਕਲ ਨਾਲ ਰੇਲਿੰਗ ’ਚੋਂ ਬਾਹਰ ਕੱਢਿਆ ਗਿਆ ਤੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਵੇਰਵਿਆਂ ਅਨੁਸਾਰ ਇਹ ਵਿਅਕਤੀ ਮੋਰਿੰਡਾ ਦੇ ਵਾਰਡ ਨੰਬਰ-14 ਦੇ ਘਰ ਵਿੱਚ ਚੋਰੀ ਕਰਨ ਦੀ ਨੀਅਤ ਨਾਲ ਆਇਆ ਸੀ ਤੇ ਲੋਹੇ ਦੀ ਰੇਲਿੰਗ ਵਿੱਚ ਫਸ ਗਿਆ। ਇਸ ਕਾਰਨ ਊਹ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮਨਜੀਤ ਕੁਮਾਰ ਦੇ ਘਰ ਇਕ ਵਿਅਕਤੀ ਨੇ ਚੋਰੀ ਦੀ ਨੀਅਤ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਰਾਤ ਸਮੇਂ ਮਨਜੀਤ ਕੁਮਾਰ ਨੂੰ ਕਿਸੇ ਦੇ ਰੋਣ ਦੀ ਆਵਾਜ਼ ਆਈ ਤਾਂ ਉਸ ਨੇ ਦੇਖਿਆ ਕਿ ਇਕ ਵਿਅਕਤੀ ਲੋਹੇ ਦੀ ਰੇਲਿੰਗ ਵਿੱਚ ਫਸਿਆ ਹੋਇਆ ਸੀ ਤੇ ਫੱਟੜ ਹਾਲਤ ਵਿੱਚ ਸੀ। ਲੋਹੇ ਦੀ ਰੇਲਿੰਗ ਉਸ ਦੀ ਬਾਂਹ ਵਿੱਚੋਂ ਆਰ-ਪਾਰ ਹੋ ਗਈ ਸੀ। ਇਸ ਉਪਰੰਤ ਉਨ੍ਹਾਂ ਨੇ ਤਿੰਨ-ਚਾਰ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਨੂੰ ਲੋਹੇ ਦੀ ਰੇਲਿੰਗ ਵਿੱਚੋਂ ਬਾਹਰ ਕੱਢਿਆ ਤੇ ਸਰਕਾਰੀ ਹਸਪਤਾਲ ਮੋਰਿੰਡਾ ਵਿੱਚ ਇਲਾਜ ਲਈ ਦਾਖਲ ਕਰਵਾਇਆ। ਮੋਰਿੰਡਾ ਪੁਲੀਸ ਨੇ ਚੋਰੀ ਦੀ ਨੀਅਤ ਨਾਲ ਕਿਸੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।