ਗਗਨਦੀਪ ਅਰੋੜਾ
ਲੁਧਿਆਣਾ, 16 ਨਵੰਬਰ
ਯੋਗ ਗੁਰੂ ਰਾਮਦੇਵ ਦੀ ਪਤੰਜਲੀ ਕੰਪਨੀ ਦੇ ਦੋ ਮੁਲਾਜ਼ਮਾਂ ਵੱਲੋਂ ਛੇ ਫਰਜ਼ੀ ਕੰਪਨੀਆਂ ਦੇ 288 ਬਿੱਲ ਬਣਾ ਕੇ ਕੰਪਨੀ ਨਾਲ 4.10 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਤੱਕ ਕੰਪਨੀ ਨੂੰ ਧੋਖਾਧੜੀ ਬਾਰੇ ਪਤਾ ਲੱਗਾ, ਉਦੋਂ ਤੱਕ ਸਾਰੇ ਪੈਸੇ ਕਢਵਾ ਕੇ ਵੰਡੇ ਜਾ ਚੁੱਕੇ ਸਨ। ਇਸ ਸਬੰਧੀ ਕੰਪਨੀ ਅਧਿਕਾਰੀਆਂ ਨੇ ਲੁਧਿਆਣਾ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ। ਹਰਿਦੁਆਰ ਵਾਸੀ ਮਹਿਲਾ ਅਧਿਕਾਰੀ ਅਸ਼ੀਸ਼ ਰਾਣਾ ਦੀ ਸ਼ਿਕਾਇਤ ’ਤੇ ਥਾਣਾ ਮੋਤੀ ਨਗਰ ਨੇ ਪੰਕਜ ਖੁਰਾਣਾ ਵਾਸੀ ਸੀਤਾ ਨਗਰ, ਅੰਕੁਸ਼ ਗਰੋਵਰ ਵਾਸੀ ਚੰਦਰ ਨਗਰ ਅਤੇ ਟਰਾਂਸਪੋਰਟਰ ਜਗਜੀਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ਵਿੱਚ ਹੈ। ਅਸ਼ੀਸ਼ ਰਾਣਾ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਦੋਵੇਂ ਮੁਲਜ਼ਮ ਅੰਕੁਸ਼ ਅਤੇ ਪੰਕਜ ਪਤੰਜਲੀ ਦੇ ਲੁਧਿਆਣਾ ਇਲਾਕੇ ਵਿੱਚ ਕੰਮ ਕਰਦੇ ਸਨ। ਮੁਲਜ਼ਮਾਂ ਨੇ ਟਰਾਂਸਪੋਰਟਰ ਜਗਜੀਤ ਨਾਲ ਮਿਲ ਕੇ ਕੰਪਨੀ ਨਾਲ ਧੋਖਾਧੜੀ ਕਰਨ ਦੀ ਯੋਜਨਾ ਬਣਾਈ। ਇਸ ਮਗਰੋਂ ਮੁਲਜ਼ਮਾਂ ਨੇ ਛੇ ਜਾਅਲੀ ਕੰਪਨੀਆਂ ਦੀਆਂ ਵੱਖ-ਵੱਖ ਵਸਤਾਂ ਦੇ 288 ਬਿੱਲ ਬਣਾ ਕੇ ਪਤੰਜਲੀ ਦੇ ਮੁੱਖ ਦਫ਼ਤਰ ’ਚ ਜਮ੍ਹਾਂ ਕਰਵਾ ਦਿੱਤੇ ਅਤੇ ਕੰਪਨੀ ’ਚੋਂ 4.10 ਕਰੋੜ ਟਰਾਂਸਪੋਰਟਰ ਜਗਜੀਤ ਸਿੰਘ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ, ਜਦੋਂ ਕੰਪਨੀ ਦੇ ਅਧਿਕਾਰੀਆਂ ਨੂੰ ਫਰਜ਼ੀ ਕੰਪਨੀਆਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ। ਮਾਮਲੇ ਦੀ ਜਾਂਚ ਵਿੱਚ ਦੋਸ਼ ਸਹੀ ਸਾਬਤ ਹੋਏ, ਜਿਸ ਦੇ ਆਧਾਰ ’ਤੇ ਪੁਲੀਸ ਨੇ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।