ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ, 15 ਜਨਵਰੀ
ਪੰਜਾਬ ਰਾਜ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਹੋਣ ਉਪਰੰਤ ਸੂਬੇ ਵਿੱਚ ਲਾਗੂ ਹੋਏ ਆਦਰਸ਼ ਚੋਣ ਜ਼ਾਬਤੇ ਦੌਰਾਨ 14 ਜਨਵਰੀ ਤੱਕ ਕੁਲ 40.31 ਕਰੋੜ ਦੀਆਂ ਵਸਤਾਂ ਅਤੇ ਨਗਦੀ ਜ਼ਬਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ ਵਿੱਚ ਵੱਖ ਵੱਖ ਨਿਗਰਾਨ ਟੀਮਾਂ ਵੱਲੋਂ 2.72 ਲੱਖ ਲੀਟਰ ਸ਼ਰਾਬ ਫੜੀ ਗਈ ਹੈ, ਜਿਸ ਦੀ ਕੀਮਤ 81 ਲੱਖ ਰੁਪਏ ਬਣਦੀ ਹੈ। ਇਸੇ ਤਰ੍ਹਾਂ ਸੂਬੇ ਵਿੱਚ ਨਸ਼ੀਲੇ ਪਦਾਰਥ ਵੀ ਫੜੇ ਗਏ ਹਨ, ਜਿਨ੍ਹਾਂ ਦੀ ਕੀਮਤ 38.93 ਕਰੋੜ ਬਣਦੀ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 14 ਲੱਖ ਰੁਪਏ ਦੀ ਨਗਦ ਰਾਸ਼ੀ ਵੀ ਜ਼ਬਤ ਕੀਤੀ ਗਈ ਹੈ। ਡਾ. ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੇ ਮੱਦੇਨਜ਼ਰ ਰਾਜ ਵਿੱਚ 1064 ਸੰਵੇਦਨਸ਼ੀਲ ਸਥਾਨਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 3692 ਨਾਕੇ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 20 ਗ਼ੈਰ ਲਾਈਸੈਂਸੀ ਹਥਿਆਰ ਫੜੇ ਗਏ ਹਨ।