ਗੁਰਦੀਪ ਸਿੰਘ ਟੱਕਰ
ਮਾਛੀਵਾੜਾ ਸਾਹਿਬ, 18 ਜੁਲਾਈ
ਕੂੰਮਕਲਾਂ ਪੁਲੀਸ ਵਲੋਂ ਬੁੱਚੜਖਾਨੇ ਲਿਜਾ ਰਹੇ ਗਊਆਂ ਨਾਲ ਭਰੇ ਟਰੱਕ ਨੂੰ ਕਾਬੂ ਕਰ ਉਸ ’ਚੋਂ 18 ਗਊਆਂ ਬਰਾਮਦ ਕੀਤੀਆਂ ਅਤੇ ਇਸ ਮਾਮਲੇ ’ਚ ਹਰਪ੍ਰੀਤ ਸਿੰਘ ਲੁਧਿਆਣਾ, ਅਸ਼ਵਨੀ ਕੁਮਾਰ, ਚਰਨਜੀਤ ਸਿੰਘ, ਅਜੈ ਕੁਮਾਰ ਤੇ ਨਿਤਿਨ ਕੁਮਾਰ ਵਾਸੀ ਊਨਾ (ਹਿਮਾਚਲ ਪ੍ਰਦੇਸ਼) ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਗਊ ਰੱਖਿਆ ਦਲ ਦੇ ਪ੍ਰਧਾਨ ਸੰਦੀਪ ਕੁਮਾਰ ਨੇ ਦੱਸਿਆ ਕਿ ਅਬੋਹਰ ਵਲੋਂ ਗਊਆਂ ਦੀ ਤਸਕਰੀ ਕਰਨ ਵਾਲਾ ਗਰੋਹ ਇਨ੍ਹਾਂ ਨੂੰ ਟਰੱਕਾਂ ਵਿਚ ਲੱਦ ਕੇ ਹਰਿਆਣਾ ’ਚ ਨਜਾਇਜ਼ ਤੌਰ ’ਤੇ ਚੱਲ ਰਹੇ ਬੁੱਚੜਖਾਨਿਆਂ ’ਚ ਲਿਜਾ ਰਿਹਾ ਹੈ। ਉਨ੍ਹਾਂ ਦੀ ਟੀਮ ਨੇ ਟਰੱਕ ਦਾ ਪਿੱਛਾ ਕੀਤਾ ਤੇ ਰੋਡ ’ਤੇ ਜਾ ਰਿਹਾ ਸੀ ਅਤੇ ਇਸ ਸਬੰਧੀ ਕੂੰਮਕਲਾਂ ਪੁਲਸ ਨੂੰ ਸੂਚਿਤ ਕੀਤਾ ਜਿਨ੍ਹਾਂ ਨਾਕਾਬੰਦੀ ਕਰ ਟਰੱਕ ਨੂੰ ਕਾਬੂ ਕਰ ਉਸ ਵਿਚੋਂ 18 ਗਊਆਂ ਬਰਾਮਦ ਕੀਤੀਆਂ। ਗਊਆਂ ਦੀ ਤਸਕਰੀ ਕਰਨ ਵਾਲੇ ਇਸ ਟਰੱਕ ਅੱਗੇ ਕਾਰ ਲਗਾ ਕੇ ਰਸਤੇ ਸਬੰਧੀ ਜਾਣਕਾਰੀ ਦੇ ਰਹੇ ਸਨ ਤਾਂ ਜੋ ਰਾਹ ਵਿਚ ਕਿਤੇ ਪੁਲਿਸ ਨਾਕਾਬੰਦੀ ਹੋਵੇ ਤਾਂ ਟਰੱਕ ਪਿੱਛੇ ਹੀ ਰੋਕ ਲਿਆ ਜਾਵੇ। ਕੂੰਮਕਲਾਂ ਪੁਲਸ ਨੇ ਟਰੱਕ ਤੇ ਕਾਰ ਵਿਚ ਸਵਾਰ 5 ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਜਦਕਿ ਬੁੱਚੜਖਾਨੇ ਜਾ ਰਹੀਆਂ 18 ਗਊਆਂ ਨੂੰ ਰਿਹਾਅ ਕਰਵਾ ਭੈਰੋਮੁੰਨਾ ਗਊਸ਼ਾਲਾ ਵਿਚ ਛੱਡ ਦਿੱਤਾ ਗਿਆ।
ਥਾਣਾ ਕੂੰਮਕਲਾਂ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਜਿਸ ਟਰੱਕ ’ਚ ਗਊਆਂ ਲੱਦ ਕੇ ਬੁੱਚੜਖਾਨੇ ਲਿਜਾਈਆਂ ਜਾ ਰਹੀਆਂ ਸਨ ਉਸ ਉਪਰ ਜਾਅਲੀ ਨੰਬਰ ਲਗਾਇਆ ਹੋਇਆ ਸੀ। ਟਰੱਕ ’ਚੋਂ ਵੱਖ-ਵੱਖ ਨੰਬਰ ਪਲੇਟਾਂ ਵੀ ਬਰਾਮਦ ਹੋਈਆਂ ਜਦਕਿ ਟਰੱਕ ਦਾ ਇੱਕ ਨੰਬਰ ਤਾਂ ਪੰਜਾਬ ਦੇ ਕਿਸੇ ਥਾਣੇ ’ਚ ਬੰਦ ਕਿਸੇ ਵ੍ਹੀਕਲ ਦਾ ਲੱਗਿਆ ਹੈ।