ਹਰਜੀਤ ਸਿੰਘ
ਡੇਰਾਬੱਸੀ, 15 ਜਨਵਰੀ
ਇਥੋਂ ਦੀ ਗੁਲਾਬਗੜ੍ਹ-ਬੇਹੜਾ ਰੋਡ ’ਤੇ ਕਾਂਗਰਸੀ ਕੌਂਸਲਰ ਜਸਪ੍ਰੀਤ ਸਿੰਘ ਲੱਕੀ ਦੇ ਦਫ਼ਤਰ ਤੋਂ ਆਬਕਾਰੀ ਵਿਭਾਗ ਨੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਆਬਕਾਰੀ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਬੇਹੜਾ ਰੋਡ ’ਤੇ ਕਲੋਨੀ ਗ੍ਰੀਨ ਵੈਲੀ ਦੇ ਬਾਹਰ ਜਸਪ੍ਰੀਤ ਲੱਕੀ ਦੇ ਬੰਦ ਪਏ ਦਫ਼ਤਰ ’ਚ ਨਾਜਾਇਜ਼ ਸ਼ਰਾਬ ਪਈ ਹੈ। ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਦਫ਼ਤਰ ਦਾ ਤਾਲਾ ਖੁੱਲ੍ਹਵਾਉਣ ਦੀ ਕੋਸ਼ਿਸ਼ ਪਰ ਕੋਈ ਨਹੀਂ ਆਇਆ। ਇਸ ਮਗਰੋਂ ਉਨ੍ਹਾਂ ਪੁਲੀਸ ਦੀ ਹਾਜ਼ਰੀ ਵਿੱਚ ਤਾਲਾ ਤੋੜਿਆ ਤਾਂ ਅੰਦਰ ਸ਼ਰਾਬ ਦੀਆਂ 50 ਪੇਟੀਆਂ ਪਈਆਂ ਸਨ। ਵਿਭਾਗ ਦੇ ਅਧਿਕਾਰੀਆਂ ਨੇ ਸ਼ਰਾਬ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਕੁਲਬੀਰ ਸਿੰਘ ਨੇ ਕਿਹਾ ਕਿ ਆਬਕਾਰੀ ਵਿਭਾਗ ਦੇ ਅਧਿਕਾਰੀ ਨਰੋਤਮ ਸ਼ਰਮਾ ਦੇ ਬਿਆਨਾਂ ਦੇ ਆਧਾਰ ’ਤੇ ਕਾਂਗਰਸੀ ਕੌਂਸਲਰ ਜਸਪ੍ਰੀਤ ਲੱਕੀ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਲਿਆ ਗਿਆ ਹੈ। ਕੌਂਸਲਰ ਹਾਲੇ ਫ਼ਰਾਰ ਹੈ, ਜਿਸ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।
ਕੌਂਸਲਰ ਜਸਪ੍ਰੀਤ ਸਿੰਘ ਲੱਕੀ ਨੇ ਕਿਹਾ ਕਿ ਨਾ ਤਾਂ ਇਹ ਦਫ਼ਤਰ ਉਨ੍ਹਾਂ ਦਾ ਹੈ ਤੇ ਨਾ ਹੀ ਇਸ ਸ਼ਰਾਬ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਹੈ। ਲੱਕੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਝੂਠਾ ਪਰਚਾ ਦਰਜ ਕੀਤਾ ਗਿਆ ਹੈ।
ਕਾਂਗਰਸੀ ਉਮੀਦਵਾਰ ਦੀਪਇੰਦਰ ਢਿੱਲੋਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ
ਕਾਂਗਰਸੀ ਕੌਂਸਲਰ ਦੇ ਦਫ਼ਤਰ ’ਚੋਂ ਸ਼ਰਾਬ ਬਰਾਮਦ ਹੋਣ ਮਗਰੋਂ ਹਲਕੇ ਦੀ ਸਿਆਸਤ ਤੇਜ਼ ਹੋ ਗਈ ਹੈ। ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਐੱਨ.ਕੇ ਸ਼ਰਮਾ ਨੇ ਕਿਹਾ ਕਿ ਕਾਂਗਰਸੀ ਕੌਂਸਲਰ ਦੇ ਦਫਤਰ ’ਚੋਂ ਸ਼ਰਾਬ ਮਿਲਣ ਨਾਲ ਇਹ ਤੈਅ ਹੋ ਗਿਆ ਹੈ ਕਿ ਇਹ ਸ਼ਰਾਬ ਕਾਂਗਰਸ ਦੇ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੇ ਚੋਣਾਂ ਵਿੱਚ ਵੰਡਣ ਲਈ ਰਖਵਾਈ ਸੀ। ਪੁਲੀਸ ਨੂੰ ਦੀਪਇੰਦਰ ਢਿੱਲੋਂ ਖ਼ਿਲਾਫ਼ ਵੀ ਕੇਸ ਦਰਜ ਕਰਨਾ ਚਾਹੀਦਾ ਹੈ।