ਪੱਤਰ ਪ੍ਰੇਰਕ
ਡੱਬਵਾਲੀ, 30 ਅਗਸਤ
ਇਥੋਂ ਦੀ ਪੁਲੀਸ ਨੇ ਅੱਜ ਇੱਥੇ ਮਿਲਾਵਟੀ ਸਰ੍ਹੋਂ ਦਾ ਤੇਲ ਵੇਚਣ ਦੇ ਦੋਸ਼ ਹੇਠ ਇੱਕ ਵਪਾਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੌਰਾਨ ਪੁਲੀਸ ਨੇ 6,144 ਲਿਟਰ ਸਰ੍ਹੋਂ ਦਾ ਤੇਲ ਅਤੇ 700 ਲਿਟਰ ਰਿਫਾਈਂਡ ਬਰਾਮਦ ਕਰਕੇ ਰਵਿੰਦਰ ਕੁਮਾਰ ਨਾਮਕ ਵਪਾਰੀ ਖ਼ਿਲਾਫ਼ ਕਾਰਵਾਈ ਕੀਤੀ ਹੈ। ਪੁਲੀਸ ਨੇ ਇੱਥੇ ਵਾਰਡ ਨੰਬਰ-21 ਵਿੱਚ ਸਥਿਤ ਤੇਲ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ। ਪੁਲੀਸ ਸੂਤਰਾਂ ਅਨੁਸਾਰ ਬਰਾਮਦ ਇਹ ਤੇਲ ਵੱਖ ਵੱਖ ਕੰਪਨੀਆਂ ਦੇ ਨਾਂ ਹੇਠ ਬਾਜ਼ਾਰ ਵਿੱਚ ਵੇਚਿਆ ਜਾਣਾ ਸੀ। ਅਧਿਕਾਰੀਆਂ ਅਨੁਸਾਰ ਮੁਲਜ਼ਮ ਰਵਿੰਦਰ ਨੇ ਭੋਲੇ ਸ਼ਿਵ ਟਰੇਡ ਮਾਅਰਕਾ ਰਜਿਸਟਰਡ ਕਰਵਾਇਆ ਹੋਇਆ ਹੈ। ਇਸੇ ਮਾਅਰਕੇ ਦੀ ਆੜ ’ਚ ਇਹ ਸਾਰਾ ਧੰਦਾ ਕੀਤਾ ਜਾ ਰਿਹਾ ਹੈ। ਸਿਟੀ ਥਾਣੇ ਦੇ ਸਬ-ਇੰਸਪੈਕਟਰ ਦਲੀਪ ਸਿੰਘ ਨੇ ਕਿਹਾ ਕਿ ਤੇਲ ਫੈਕਟਰੀ ਸੰਚਾਲਕ ਰਵਿੰਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।