ਜੋਗਿੰਦਰ ਸਿੰਘ ਮਾਨ
ਮਾਨਸਾ, 22 ਜੂਨ
ਮਾਨਸਾ ਵਿਖੇ ਭਾਰਤੀ ਏਅਰ ਫੋਰਸ ਦੇ 6 ਹੈਲੀਕਾਪਟਰ ਉਤਰੇ ਹਨ, ਜਿਨ੍ਹਾਂ ਵੇਖਣ ਲਈ ਦੂਰੋਂ ਨੇੜਿਓਂ ਲੋਕ ਪੁੱਜਣ ਲੱਗੇ ਹਨ। ਮਾਨਸਾ ਦੀ ਧਰਤੀ ਇਕੋ ਸਮੇਂ ਆਏ ਇਹ ਹੈਲੀਕਾਪਟਰਾਂ ਨੂੰ ਲੋਕ ਬੜੇ ਅਚੰਭੇ ਨਾਲ ਵੇਖ ਰਹੇ ਹਨ, ਲੋਕਾਂ ਨੇ ਅਸਮਾਨ ਵਿਚ ਉਡਦੇ ਫੋਜ਼ ਦੇ ਹੈਲੀਕਾਪਟਰਾਂ ਨੂੰ ਤਾਂ ਅਨੇਕਾਂ ਵਾਰ ਵੇਖਿਆ ਹੈ ਪਰ ਧਰਤੀ ਉੱਤੇ ਖੜਿਆ ਨੂੰ ਪਹਿਲੀ ਵਾਰ ਵੇਖਿਆ ਹੈ।
ਦਰਅਸਲ ਇਹ ਹੈਲੀਕਾਪਟਰਾਂ ਨੂੰ ਭਾਰਤੀ ਏਅਰ ਫੋਰਸ ਵਲੋਂ ਪਿਛਲੇ ਦਿਨੀਂ ਨਕਾਰਾ ਐਲਾਨਿਆ ਗਿਆ ਸੀ, ਜਿਨ੍ਹਾਂ ਨੂੰ ਆਨਲਾਈਨ ਨਿਲਾਮ ਕੀਤਾ ਗਿਆ ਅਤੇ ਉਨ੍ਹਾਂ ਹੈਲੀਕਾਪਟਰਾਂ ਨੂੰ ਦੇਸ਼ ਭਰ ਵਿਚ ਮਸ਼ਹੂਰ ਮਾਨਸਾ ਦੇ ਕਬਾੜੀਏ ਮਿੱਠੂ ਰਾਮ ਮੋਫ਼ਰ ਵਲੋਂ ਖ਼ਰੀਦਿਆ ਗਿਆ ਹੈ, ਜੋ ਲੰਬੇ ਸਮੇਂ ਤੋਂ ਕਬਾੜ ਵਿਚ ਭਾਰਤੀ ਫ਼ੌਜ ਦੇ ਕਬਾੜ ਨੂੰ ਖ਼ਰੀਦ ਦੇ ਹਨ। ਮਿੱਠੂ ਰਾਮ ਮੋਫ਼ਰ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਹੈ ਕਿ ਇਹ ਨਿਲਾਮੀ ਯੂਪੀ ਦੇ ਸਹਾਰਨਪੁਰ ਵਿਖੇ ਰੱਖੀ ਗਈ ਸੀ ਅਤੇ ਖਰੀਦ ਕਰਨ ਤੋਂ ਬਾਅਦ ਇਨ੍ਹਾਂ ਨੂੰ ਟਰਾਲਿਆਂ ਰਾਹੀਂ ਲੱਦਕੇ ਮਾਨਸਾ ਵਿਖੇ ਲਿਆਂਦਾ ਗਿਆ ਹੈ ਅਤੇ ਕਬਾੜ ਹੈਲੀਕਾਪਟਰਾਂ ਨੂੰ ਵੇਖਣ ਲਈ ਲੋਕ ਲਗਾਤਾਰ ਪੁੱਜਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਭਰਾ ਪ੍ਰੇਮ ਕੁਮਾਰ ਅਰੋੜਾ ਅਕਸਰ ਹੀ ਮਿਲਟਰੀ ਦਾ ਕਬਾੜ ਦੀ ਕਾਰੋਬਾਰ ਕਾਰਨ ਖਰੀਦਦਾਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਅਜਿਹੇ ਸਾਮਾਨ ਨੂੰ ਲਿਆਏ ਹਨ ਪਰ ਇਸ ਵਾਰ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਾਰਨ ਮਾਮਲਾ ਜ਼ਿਆਦਾ ਉਛਲ ਗਿਆ ਹੈ।