ਲਖਨਊ, 27 ਅਪਰੈਲ
ਸਰਕਾਰੀ ਹੁਕਮਾਂ ਬਾਅਦ ਉੱਤਰ ਪ੍ਰਦੇਸ਼ ਵਿੱਚ ਧਾਰਮਿਕ ਸਥਾਨਾਂ ਤੋਂ 6,000 ਤੋਂ ਵੱਧ ਅਣਅਧਿਕਾਰਤ ਲਾਊਡ ਸਪੀਕਰਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੋਰ 30,000 ਦੀ ਆਵਾਜ਼ ਮਨਜ਼ੂਰਸ਼ੁਦਾ ਸੀਮਾ ਅੰਦਰ ਐਅ ਕੀਤੀ ਗਈ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਧਾਰਮਿਕ ਸਥਾਨਾਂ ਤੋਂ ਅਣਅਧਿਕਾਰਤ ਲਾਊਡ ਸਪੀਕਰਾਂ ਨੂੰ ਹਟਾਉਣ ਅਤੇ ਹੋਰਾਂ ਦੀ ਆਵਾਜ਼ ਨੂੰ ਮਨਜ਼ੂਰਸ਼ੁਦਾ ਸੀਮਾ ਅੰਦਰ ਲਿਆਉਣ ਲਈ ਇੱਕ ਸੂਬਾ ਪੱਧਰੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਧਾਰਮਿਕ ਸਥਾਨਾਂ ਤੋਂ ਬਿਨਾਂ ਕਿਸੇ ਪੱਖਪਾਤ ਦੇ ਲਾਊਡ ਸਪੀਕਰ ਹਟਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਹਿਤ, ਬੁੱਧਵਾਰ ਦੁਪਹਿਰ ਤੱਕ ਕੁੱਲ 6,031 ਲਾਊਡਸਪੀਕਰ ਹਟਾਏ ਗਏ ਅਤੇ 29,674 ਲਾਊਡ ਸਪੀਕਰਾਂ ਦੀ ਆਵਾਜ਼ ਮਨਜ਼ੂਰਸ਼ੁਦਾ ਸੀਮਾ ਅੰਦਰ ਤੈਅ ਕੀਤੀ ਗਈ। ਉਨ੍ਹਾਂ ਕਿਹਾ, “ਜਿਹੜੇ ਲਾਊਡ ਸਪੀਕਰ ਹਟਾਏ ਜਾ ਰਹੇ ਹਨ, ਉਹ ਅਣਅਧਿਕਾਰਤ ਹਨ।”-ਏਜੰਸੀ