ਜਸਵੰਤ ਜੱਸ
ਫ਼ਰੀਦਕੋਟ, 20 ਨਵੰਬਰ
ਪੰਜਾਬ ਵਿੱਚ ਨਰਸਿੰਗ ਕੋਰਸਾਂ ਦੀ ਪੜ੍ਹਾਈ ਲਈ ਇਸ ਵਾਰ ਵਿਦਿਆਰਥੀਆਂ ਨੇ ਬਹੁਤੀ ਦਿਲਚਸਪੀ ਨਹੀਂ ਦਿਖਾਈ, ਜਿਸ ਕਰਕੇ ਬੀ.ਐੱਸਈ ਅਤੇ ਐੱਮ.ਐੱਸਸੀ ਦੀ ਪੜ੍ਹਾਈ ਕਰਵਾ ਰਹੇ ਨਰਸਿੰਗ ਕਾਲਜਾਂ ਦੀ ਹੋਂਦ ਖ਼ਤਰੇ ਵਿੱਚ ਆ ਗਈ ਹੈ। ਸੂਚਨਾ ਅਨੁਸਾਰ ਪੰਜਾਬ ਵਿੱਚ ਨਰਸਿੰਗ ਦੀ ਪੜ੍ਹਾਈ ਲਈ 8 ਹਜ਼ਾਰ ਸੀਟਾਂ ਹਨ। ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਕੀਤੀ ਦੂਜੇ ਗੇੜ ਦੀ ਕੌਂਸਲਿੰਗ ਤੋਂ ਬਾਅਦ 8 ਹਜ਼ਾਰ ’ਚੋਂ 5,500 ਸੀਟਾਂ ਖਾਲੀ ਰਹਿ ਗਈਆਂ ਹਨ।
ਸੂਤਰਾਂ ਅਨੁਸਾਰ ਪੰਜਾਬ ਵਿੱਚ ਬੀ.ਐੱਸਸੀ ਦੀ ਪੜ੍ਹਾਈ ਲਈ ਕੁੱਲ 109 ਕਾਲਜ ਹਨ, ਜਿਨ੍ਹਾਂ ’ਚੋਂ 103 ਕਾਲਜ ਪ੍ਰਾਈਵੇਟ ਹਨ ਅਤੇ ਐੱਮ.ਐੱਸਸੀ ਦੀ ਪੜ੍ਹਾਈ ਲਈ 27 ਕਾਲਜ ਹਨ, ਜਿਨ੍ਹਾਂ ’ਚੋਂ 25 ਕਾਲਜ ਪ੍ਰਾਈਵੇਟ ਹਨ। ਐੱਮ.ਐੱਸਸੀ ਲਈ 524 ਸੀਟਾਂ ’ਚੋਂ ਕਰੀਬ 500 ਸੀਟਾਂ ਖਾਲੀ ਹਨ। ਦਿਲਚਸਪ ਤੱਥ ਇਹ ਹੈ ਕਿ ਪਿੰਡ ਬਾਦਲ ਦੇ ਨਰਸਿੰਗ ਕਾਲਜ ਵਿੱਚ ਐੱਮ.ਐੱਸਸੀ ਦੀਆਂ ਸਾਰੀਆਂ 25 ਸੀਟਾਂ ਖਾਲੀ ਪਈਆਂ ਹਨ। ਇਸ ਕਾਲਜ ਵਿੱਚ ਆਧੁਨਿਕ ਸਹੂਲਤਾਂ ਹੋਣ ਦੇ ਬਾਵਜੂਦ ਕਿਸੇ ਵਿਦਿਆਰਥੀ ਨੇ ਦਾਖਲਾ ਨਹੀਂ ਲਿਆ। ਫਰੀਦਕੋਟ ਦੇ ਨਰਸਿੰਗ ਕਾਲਜ ਵਿੱਚ 50 ’ਚੋਂ 11 ਸੀਟਾਂ ਖਾਲੀ ਹਨ।
ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਨਰਸਿੰਗ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਫੀਸ 1.25 ਲੱਖ ਰੁਪਏ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਫੀਸ 2 ਲੱਖ ਰੁਪਏ ਰੱਖੀ ਗਈ ਸੀ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਵਿਦਿਆਰਥੀ ਇੱਥੇ ਪੜ੍ਹਾਈ ਕਰਨ ਦੀ ਥਾਂ ਵਿਦੇਸ਼ਾਂ ਦੀ ਪੜ੍ਹਾਈ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਦੇ ਪ੍ਰਵਾਸ ਕਾਰਨ ਪੰਜਾਬ ਦੇ ਨਰਸਿੰਗ ਕਾਲਜਾਂ ਨੂੰ ਇਸ ਸਾਲ ਕਰੀਬ 12 ਕਰੋੜ ਦਾ ਆਰਥਿਕ ਘਾਟਾ ਪਿਆ ਹੈ। ਨਰਸਿੰਗ ਕਾਲਜਾਂ ’ਚ ਪੜ੍ਹਾਈ ਦੀ ਰੁਚੀ ਘਟਣ ਨਾਲ ਪੜ੍ਹਾਈ ਦਾ ਮਿਆਰ ਵੀ ਕਾਫ਼ੀ ਹੇਠਾਂ ਡਿੱਗਿਆ ਹੈ। ਸੂਚਨਾ ਅਨੁਸਾਰ ਐੱਮ.ਐੱਸਸੀ ਨਰਸਿੰਗ ’ਚ ਦਾਖਲਾ ਲੈਣ ਲਈ 100 ਵਿਦਿਆਰਥੀਆਂ ਨੇ ਪ੍ਰਵੇਸ਼ ਪ੍ਰੀਖਿਆ ਦਿੱਤੀ ਸੀ, ਜਿਨਾਂ ’ਚੋਂ 4 ਵਿਦਿਆਰਥੀ ਹੀ ਸਫ਼ਲ ਹੋ ਸਕੇ।
ਹਰ ਸਹੂਲਤ ਮੁਹੱਈਆ ਕਰਵਾਉਣ ਦੇ ਬਾਵਜੂਦ 5,500 ਸੀਟਾਂ ਖਾਲੀ: ਵੀਸੀ
ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਕਾਲਜਾਂ ਵਿੱਚ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੂਸਰੇ ਗੇੜ ਦੀ ਕੌਂਸਲਿੰਗ ਖ਼ਤਮ ਹੋਣ ਤੋਂ ਬਾਅਦ ਵੀ 5,500 ਸੀਟਾਂ ਖਾਲੀ ਪਈਆਂ ਹਨ।