ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹਾ ਸੰਗਰੂਰ ਦੇ ਪੰਜ ਵਿਧਾਨ ਸਭਾ ਹਲਕਿਆਂ ’ਚ ਵੋਟਿੰਗ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਈ। ਹਲਕਾ ਲਹਿਰਾ ਦੇ ਕਸਬਾ ਖਨੌਰੀ ’ਚ ਦੋ ਸਿਆਸੀ ਧਿਰਾਂ ਦੇ ਵਰਕਰਾਂ ’ਚ ਝੜਪ ਦੀ ਖ਼ਬਰ ਹੈ। ਜ਼ਿਲ੍ਹਾ ਸੰਗਰੂਰ ’ਚ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਕੁੱਲ 55 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਿਆ ਹੈ। ਜ਼ਿਲਾ ਸੰਗਰੂਰ ’ਚ ਪੈਂਦੇ 5 ਵਿਧਾਨ ਸਭਾ ਹਲਕਿਆਂ ਵਿੱਚ ਸ਼ਾਮ 6 ਵਜੇ ਤੱਕ ਲਗਭਗ 74.3 ਫੀਸਦੀ ਵੋਟਾਂ ਦਾ ਭੁਗਤਾਨ ਹੋਇਆ। ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਹਲਕਾ ਲਹਿਰਾ ’ਚ 74.7 ਫੀਸਦੀ, ਦਿੜ੍ਹਬਾ ’ਚ 76.6 ਫੀਸਦੀ, ਸੁਨਾਮ ’ਚ 73.8 ਫੀਸਦੀ, ਧੂਰੀ ’ਚ 74.4 ਫੀਸਦੀ ਅਤੇ ਸੰਗਰੂਰ ’ਚ 72.2 ਫੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈ ਜੋ ਕਿ ਜ਼ਿਲ੍ਹਾ ਸੰਗਰੂਰ ਵਿੱਚ ਹੁਣ ਤੱਕ ਦੇ ਪ੍ਰਾਪਤ ਹੋਏ ਅੰਕੜਿਆਂ ਦੇ ਮੁਤਾਬਕ ਲਗਭਗ 74.3 ਫੀਸਦੀ ਬਣਦਾ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਪ੍ਰਤੀਸ਼ਤਤਾ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਆਖਰੀ ਖ਼ਬਰਾਂ ਮਿਲਣ ਤਕ ਕੁਝ ਥਾਵਾਂ ’ਤੇ ਵੋਟਿੰਗ ਪ੍ਰਕਿਰਿਆ ਜਾਰੀ ਸੀ।
ਪਟਿਆਲਾ ਜ਼ਿਲ੍ਹੇ 72.5 ਫੀਸਦੀ ਮਤਦਾਨ
ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ-2022 ਲਈ ਅੱਜ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਵਿੱਚ 72.5 ਫ਼ੀਸਦੀ ਮਤਦਾਨ ਹੋਇਆ। ਸਭ ਤੋਂ ਵੱਧ 78 ਫੀਸਦੀ ਮਤਦਾਨ ਹਲਕਾ ਘਨੌਰ ’ਚ ਹੋਇਆ। ਹਲਕਾ ਨਾਭਾ ’ਚ 76. 4 ਫ਼ੀਸਦੀ, ਸਮਾਣਾ ’ਚ 76 ਫੀਸਦੀ, ਸ਼ੁਤਰਾਣਾ ’ਚ 75.5 ਫ਼ੀਸਦੀ, ਰਾਜਪੁਰਾ ’ਚ 74.5 ਫੀਸਦੀ, ਸਨੌਰ ’ਚ 72.9 ਫੀਸਦੀ, ਪਟਿਆਲਾ ਦਿਹਾਤੀ ਵਿੱਚ 64.3 ਅਤੇ ਪਟਿਆਲਾ ਸ਼ਹਿਰੀ ਵਿਚ 63.3 ਫੀਸਦੀ ਮਤਦਾਨ ਹੋਇਆ।
ਲੁਧਿਆਣਾ ’ਚ 63.5 ਫੀਸਦ ਵੋਟਿੰਗ
ਲੁਧਿਆਣਾ (ਗਗਨਦੀਪ ਅਰੋੜਾ): ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ’ਚ ਅੱਜ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਭੁਗਤ ਗਿਆ। ਲੁਧਿਆਣਾ ਵਿੱਚ ਕਿਸੇ ਥਾਂ ਵੀ ਕੋਈ ਵੱਡੀ ਘਟਨਾ ਨਹੀਂ ਵਾਪਰੀ। ਜ਼ਿਲ੍ਹੇ ਵਿੱਚ 63.5 ਫੀਸਦ ਵੋਟਿੰਗ ਹੋਈ ਜਿੱਥੇ 2017 ਵਿੱਚ 74 ਫੀਸਦੀ ਤੋਂ ਵੱਧ ਵੋਟਿੰਗ ਹੋਈ ਸੀ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸਾਰਾ ਦਿਨ ਸ਼ਹਿਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਜਾਇਜ਼ਾ ਲੈਂਦੇ ਰਹੇ। ਜ਼ਿਲ੍ਹਾ ਲੁਧਿਆਣਾ ਵਿੱਚ 14 ਵਿਧਾਨ ਸਭਾ ਹਲਕਿਆਂ ’ਚੋਂ ਛੇ ਸ਼ਹਿਰੀ ਹਨ। ਸਭ ਤੋਂ ਜ਼ਿਆਦਾ ਵੋਟਿੰਗ ਹਲਕਾ ਦਾਖਾ ਵਿਚ ਹੋਈ।