ਚਰਨਜੀਤ ਭੁੱਲਰ
ਚੰਡੀਗੜ੍ਹ, 15 ਮਈ
ਪੰਜਾਬ ਦੀਆਂ ਜੇਲ੍ਹਾਂ ਦੇ ਬੰਦੀਆਂ ’ਚ 86 ਫ਼ੀਸਦੀ ਨੌਜਵਾਨ ਹਨ। ਜੇਲ੍ਹਾਂ ’ਚ ਇਸ ਵੇਲੇ 40 ਸਾਲਾਂ ਤੋਂ ਘੱਟ ਉਮਰ ਦੇ ਮੁੰਡਿਆਂ ਦੀ ਵੱਡੀ ਗਿਣਤੀ ਹੈ| ‘ਉਡਤਾ ਪੰਜਾਬ’ ਦਾ ਮਿਹਣਾ ਜਵਾਨੀ ਨੂੰ ਹਲੂਣ ਨਹੀਂ ਸਕਿਆ| ਬਹੁਤੇ ਨਸ਼ੇੜੀ ਜੇਲ੍ਹਾਂ ’ਚ ਪੁੱਜ ਗਏ ਹਨ ਜਾਂ ਫਿਰ ਝਪਟਮਾਰੀ ਵਰਗੇ ਛੋਟੇ ਜੁਰਮਾਂ ਕਾਰਨ ਸਲਾਖ਼ਾਂ ਪਿੱਛੇ ਹਨ| ਤਾਜ਼ਾ ਅੰਕੜਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ 26,164 ਕੈਦੀ ਤੇ ਹਵਾਲਾਤੀ ਹਨ, ਜਿਨ੍ਹਾਂ ਚੋਂ 40 ਸਾਲ ਤੋਂ ਘੱਟ ਉਮਰ ਦੇ 22,475 ਬੰਦੀ ਹਨ|
ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹਾਂ ਨੂੰ ਅਸਲੀ ਮਾਅਨੇ ’ਚ ਸੁਧਾਰ ਘਰਾਂ ’ਚ ਬਦਲਣ ਦਾ ਅਹਿਦ ਲਿਆ ਹੈ| ਸਮਾਜ ਸ਼ਾਸਤਰੀ ਆਖਦੇ ਹਨ ਕਿ ਜੇਲ੍ਹਾਂ ਵਿੱਚ ‘ਬਦਲਾਅ’ ਦੀ ਲੋੜ ਹੈ| ਵੇਰਵਿਆਂ ਅਨੁਸਾਰ ਜੇਲ੍ਹਾਂ ਦੀ ਸਮਰੱਥਾ ਕਰੀਬ 23,500 ਦੀ ਹੈ ਜਦਕਿ ਬੰਦੀਆਂ ਦੀ ਗਿਣਤੀ 26,164 ਹੈ| ਕਈ ਜੇਲ੍ਹਾਂ ਤੂੜੀ ਵਾਂਗੂ ਤੁੰਨੀਆਂ ਪਈਆਂ ਹਨ| ਇਨ੍ਹਾਂ ’ਚੋਂ ਕੈਦੀ ਤਾਂ ਮਸਾਂ 5123 ਹੀ ਹਨ ਜਦੋਂਕਿ ਵਿਚਾਰ ਅਧੀਨ ਬੰਦੀਆਂ ਦਾ ਅੰਕੜਾ 21,007 ਹੈ| ਢਿੱਲੀ ਨਿਆਂ ਪ੍ਰਣਾਲੀ ਕਰਕੇ ਬਹੁਤੇ ਕੇਸ ਵਰ੍ਹਿਆਂ ਤੋਂ ਲਟਕ ਰਹੇ ਹਨ|
ਜੇ ਉਮਰ ਵਰਗ ’ਤੇ ਨਿਗ੍ਹਾ ਮਾਰੀਏ ਤਾਂ ਪੰਜਾਬ ਦੀਆਂ ਜੇਲ੍ਹਾਂ ਵਿੱਚ 1207 (4.61 ਫ਼ੀਸਦੀ) ਬੰਦੀ 20 ਸਾਲ ਦੀ ਉਮਰ ਤੱਕ ਦੇ ਹਨ ਜਦਕਿ 20 ਤੋਂ 30 ਸਾਲ ਦੇ ਉਮਰ ਵਰਗ ਦੇ 12,368 ਬੰਦੀ ਹਨ ਜਿਨ੍ਹਾਂ ਦੀ ਦਰ 47.27 ਫ਼ੀਸਦੀ ਬਣਦੀ ਹੈ| ਇਸੇ ਤਰ੍ਹਾਂ 30 ਤੋਂ 40 ਸਾਲ ਉਮਰ ਵਰਗ ਦੇ ਬੰਦੀਆਂ ਦਾ ਅੰਕੜਾ 8900 ਬਣਦਾ ਹੈ ਜੋ 34.01 ਫ਼ੀਸਦੀ ਬਣਦੇ ਹਨ| 50 ਸਾਲ ਤੋਂ ਉੱਪਰ ਦੇ ਉਮਰ ਵਰਗ ਦੇ ਸਿਰਫ਼ 10.36 ਫ਼ੀਸਦੀ ਬੰਦੀ ਜੇਲ੍ਹਾਂ ‘ਚ ਹਨ ਜਿਨ੍ਹਾਂ ‘ਚ 70 ਸਾਲ ਤੋਂ ਉੱਪਰ ਉਮਰ ਦੇ 207 ਬੰਦੀ ਵੀ ਸ਼ਾਮਲ ਹਨ |
ਅੰਮ੍ਰਿਤਸਰ ਦੇ ਪ੍ਰੋ. ਜਗਰੂਪ ਸਿੰਘ ਸੇਖੋਂ ਆਖਦੇ ਹਨ ਕਿ ਸਿਆਸੀ ਸਰਪ੍ਰਸਤੀ ਕਰਕੇ ਨਸ਼ੇੜੀਆਂ ਨੂੰ ਕਾਨੂੰਨ ਦਾ ਖ਼ੌਫ਼ ਨਹੀਂ ਰਿਹਾ ਹੈ ਜਿਸ ਕਰ ਕੇ ਸ਼ਹਿਰੀ ਮੁੰਡੇ ਝਪਟਮਾਰੀ ਦੇ ਰਾਹ ਪੈ ਗਏ ਹਨ| ਜ਼ਿਆਦਾਤਰ ਨਸ਼ਿਆਂ ਦੀ ਪੂਰਤੀ ਲਈ ਅਪਰਾਧ ਦੇ ਰਸਤੇ ਪਏ ਹਨ| ਉਨ੍ਹਾਂ ਕਿਹਾ ਕਿ ਬੌਧਿਕ ਪੱਧਰ ਵਾਲੀ ਜਵਾਨੀ ਵਿਦੇਸ਼ਾਂ ਨੂੰ ਕੂਚ ਕਰ ਰਹੀ ਹੈ ਅਤੇ ਇੱਕ ਹਿੱਸਾ ਨਸ਼ਿਆਂ ਦੀ ਲਪੇਟ ’ਚ ਆ ਗਿਆ ਹੈ|
ਕੇਂਦਰੀ ਜੇਲ੍ਹ ਲੁਧਿਆਣਾ ਵਿਚ ਇਸ ਵੇਲੇ 3802 ਬੰਦੀ ਹਨ ਜਦੋਂ ਕਿ ਕਪੂਰਥਲਾ ਜੇਲ੍ਹ ਵਿੱਚ 3148 ਬੰਦੀ ਹਨ| ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ 3054 ਬੰਦੀ ਹਨ| ਬਠਿੰਡਾ ਜੇਲ੍ਹ ਵਿੱਚ 1862 ਬੰਦੀ ਹਨ| ਪਿਛਲੇ ਅਰਸੇ ਦੌਰਾਨ ਸਰਕਾਰਾਂ ਨੇ ਨਵੀਆਂ ਜੇਲ੍ਹਾਂ ਤਾਂ ਬਣਾ ਦਿੱਤੀਆਂ ਪ੍ਰੰਤੂ ਜੇਲ੍ਹ ਪ੍ਰਣਾਲੀ ’ਚ ਸੁਧਾਰ ਨਹੀਂ ਕੀਤਾ ਜਿਸ ਕਾਰਨ ਜੇਲ੍ਹਾਂ ਏਨੇ ਵਰ੍ਹਿਆਂ ਮਗਰੋਂ ਵੀ ਸੁਧਾਰ ਘਰਾਂ ‘ਚ ਤਬਦੀਲ ਨਹੀਂ ਹੋ ਸਕੀਆਂ|
ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਆਖਦੇ ਹਨ ਕਿ ਜੇਲ੍ਹਾਂ ਵਿੱਚ ਬੰਦੀਆਂ ਦੇ ਸੁਧਾਰ ਲਈ ਉਸਾਰੂ ਤਬਦੀਲੀ ਲਈ ਪ੍ਰੋਗਰਾਮ ਉਲੀਕੇ ਗਏ ਹਨ ਤਾਂ ਜੋ ਬੰਦੀਆਂ ਨੂੰ ਮਾਨਸਿਕ ਤੌਰ ’ਤੇ ਬਦਲਿਆ ਜਾ ਸਕੇ| ਉਨ੍ਹਾਂ ਦੱਸਿਆ ਕਿ ਜੇਲ੍ਹਾਂ ਦੀ ਸਮਰੱਥਾ ਵਾਧੇ ਲਈ ਮੁਹਾਲੀ ‘ਚ ਨਵੀਂ ਜੇਲ੍ਹ ਬਣਾਉਣ ਦੀ ਤਜਵੀਜ਼ ਹੈ| ਉਨ੍ਹਾਂ ਇਹ ਵੀ ਦੱਸਿਆ ਕਿ ਜੋ ਵੱਡੀ ਉਮਰ ਦੇ ਬੰਦੀ ਹਨ, ਉਨ੍ਹਾਂ ਨੂੰ ਰਾਹਤ ਦੇਣ ਦਾ ਪ੍ਰੋਗਰਾਮ ਵੀ ਹੈ|
ਜੇਲ੍ਹਾਂ ਤੋਂ ਬੇਖ਼ੌਫ ਹੋਈ ਜਵਾਨੀ: ਭੰਦੋਹਲ
ਐਡਵੋਕੇਟ ਜਗਦੇਵ ਸਿੰਘ ਭੰਦੋਹਲ ਦਾ ਕਹਿਣਾ ਹੈ ਕਿ ਪੰਜਾਬ ’ਚ ਲੰਘੇ ਅਰਸੇ ਦੌਰਾਨ ਨਸ਼ਿਆਂ ਦੇ ਵਧੇ ਪ੍ਰਚਲਨ ਨੇ ਜਵਾਨੀ ਨੂੰ ਸਮਾਜਿਕ ਬਿਗਾਨਗੀ ਵੱਲ ਵੀ ਧੱਕਿਆ ਹੈ| ਮੁੱਖ ਤੌਰ ’ਤੇ ਨਸ਼ੇ ਤੇ ਬੇਰੁਜ਼ਗਾਰੀ ਹੀ ਜੇਲ੍ਹਾਂ ‘ਚ ਜਵਾਨੀ ਦੀ ਭੀੜ ਦਾ ਮੁੱਖ ਕਾਰਨ ਹੈ| ਉਨ੍ਹਾਂ ਕਿਹਾ ਕਿ ਸਿਆਸੀ ਸਰਪ੍ਰਸਤੀ ਨੇ ਨੌਜਵਾਨਾਂ ਨੂੰ ਏਨਾ ਬੇਖ਼ੌਫ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਜੇਲ੍ਹ ‘ਚ ਰਹਿਣਾ ਓਪਰਾ ਨਹੀਂ ਲੱਗਦਾ|
ਪਟਿਆਲਾ ਜੇਲ੍ਹ ’ਚ ਮੁਲਾਕਾਤਾਂ ਦਾ ਹੜ੍ਹ…
ਪਟਿਆਲਾ ਜੇਲ੍ਹ ’ਚ ਏਨੇ ਮੁਲਾਕਾਤੀ ਆਉਂਦੇ ਹਨ ਜਿੰਨੇ ਕਿਸੇ ਹੋਰ ਜੇਲ੍ਹ ‘ਚ ਨਹੀਂ| ਕੋਵਿਡ ਮਗਰੋਂ ਮੁਲਾਕਾਤਾਂ ਦੀ ਖੁੱਲ੍ਹ ਹੋਈ ਤਾਂ ਇਕੱਲੇ ਅਪਰੈਲ ਮਹੀਨੇ ’ਚ ਪਟਿਆਲਾ ਜੇਲ੍ਹ ’ਚ 997 ਮੁਲਾਕਾਤਾਂ ਹੋਈਆਂ ਅਤੇ ਇਸ ਮਈ ਮਹੀਨੇ ’ਚ ਹੁਣ ਤੱਕ 890 ਮੁਲਾਕਾਤਾਂ ਹੋ ਚੁੱਕੀਆਂ ਹਨ| ਮਾਰਚ ਮਹੀਨੇ ਵਿਚ ਮੁਲਾਕਾਤਾਂ ਦਾ ਅੰਕੜਾ 622 ਸੀ| ਪੰਜਾਬ ਵਿਚ ਪਹਿਲੀ ਜਨਵਰੀ ਤੋਂ 15 ਮਈ 2022 ਤੱਕ 26,398 ਮੁਲਾਕਾਤਾਂ ਹੋਈਆਂ ਹਨ ਜਦੋਂ ਕਿ ਵਰ੍ਹਾ 2021 ਵਿਚ 9777 ਮੁਲਾਕਾਤਾਂ ਹੋਈਆਂ ਸਨ|