ਹਰਜੀਤ ਸਿੰਘ ਪਰਮਾਰ
ਬਟਾਲਾ, 27 ਸਤੰਬਰ
ਬਟਾਲਾ-ਅੰਮ੍ਰਿਤਸਰ ਬਾਈਪਾਸ ’ਤੇ ਸਥਿਤ ਇੱਕ ਕਬਾੜ ਦੀ ਦੁਕਾਨ ਵਿੱਚੋਂ ਇੱਕ ਅਣਪਛਾਤਾ ਨੌਜਵਾਨ ਅੱਜ ਦਿਨ-ਦਿਹਾੜੇ ਅਲਮਾਰੀ ਤੋੜ ਕੇ ਸਾਢੇ 9 ਲੱਖ ਰੁਪਏ ਚੋਰੀ ਕਰ ਕੇ ਫ਼ਰਾਰ ਹੋ ਗਿਆ। ਉਕਤ ਨੌਜਵਾਨ ਗਾਹਕ ਬਣ ਕੇ ਦੁਕਾਨ ਅੰਦਰ ਆਇਆ ਅਤੇ ਘਟਨਾ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਗਿਆ। ਚੋਰੀ ਦੀ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨ ਮਾਲਕ ਪਵਨ ਕੁਮਾਰ ਮਹਾਜਨ ਨੇ ਦੱਸਿਆ ਕਿ ਅੱਜ ਸਵੇਰੇ ਉਸ ਦਾ ਲੜਕਾ ਦੁਕਾਨ ’ਤੇ ਆਇਆ ਸੀ ਅਤੇ ਕੁੱਝ ਲੋਕਾਂ ਦੀ ਅਦਾਇਗੀ ਕਰਨ ਲਈ ਘਰੋਂ ਕਰੀਬ ਸਾਢੇ 9 ਲੱਖ ਰੁਪਏ ਲੈ ਕੇ ਆਇਆ ਸੀ ਜੋ ਉਸ ਨੇ ਦੁਕਾਨ ਅੰਦਰ ਪਈ ਲੋਹੇ ਦੀ ਅਲਮਾਰੀ ਵਿੱਚ ਰੱਖੇ ਸਨ। ਇਸੇ ਦੌਰਾਨ ਇੱਕ ਨੌਜਵਾਨ ਗਾਹਕ ਬਣ ਕੇ ਆਇਆ ਅਤੇ ਉਸ ਕੋਲੋਂ ਲੋਹੇ ਦੇ ਗਾਡਰ ਮੰਗੇ। ਉਸ ਨੇ ਦੱਸਿਆ ਕਿ ਉਸ ਦਾ ਲੜਕਾ ਉਸ ਗਾਹਕ ਨੂੰ ਗਾਡਰ ਵਿਖਾਉਣ ਲਈ ਪਿੱਛੇ ਗੋਦਾਮ ਵਿੱਚ ਚਲਾ ਗਿਆ ਪਰ ਉਕਤ ਗਾਹਕ ਉੱਥੋਂ ਹੀ ਵਾਪਸ ਆ ਗਿਆ। ਉਸ ਦਾ ਲੜਕਾ ਗੋਦਾਮ ਅੰਦਰ ਹੀ ਆਪਣਾ ਸਾਮਾਨ ਵੇਖਣ ਲੱਗ ਪਿਆ। ਕੁੱਝ ਸਮੇਂ ਬਾਅਦ ਜਦੋਂ ਉਸ ਦਾ ਲੜਕਾ ਗੋਦਾਮ ਦੇ ਦਫ਼ਤਰ ਅੰਦਰ ਆਇਆ ਤਾਂ ਉਸ ਨੇ ਵੇਖਿਆ ਕਿ ਅਲਮਾਰੀ ਵਿੱਚ ਪਏ ਸਾਢੇ 9 ਲੱਖ ਰੁਪਏ ਗਾਇਬ ਸਨ। ਉਨ੍ਹਾਂ ਜਦੋਂ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਤਾਂ ਵੇਖਿਆ ਕਿ ਜੋ ਨੌਜਵਾਨ ਗਾਡਰ ਲੈਣ ਆਇਆ ਸੀ ਉਹੋ ਹੀ ਅਲਮਾਰੀ ਦਾ ਤਾਲਾ ਤੋੜ ਕੇ ਵਿੱਚੋਂ ਪੈਸੇ ਚੋਰੀ ਕਰਕੇ ਲੈ ਕੇ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਲਈ ਦੋ ਨੌਜਵਾਨ ਆਲਟੋ ਕਾਰ ਵਿੱਚ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਵਿੱਚੋਂ ਇੱਕ ਹੀ ਦੁਕਾਨ ਅੰਦਰ ਆਇਆ ਅਤੇ ਘਟਨਾ ਨੂੰ ਅੰਜਾਮ ਦੇ ਕੇ ਦੋਵੇਂ ਕਾਰ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਏ।