ਪਾਲ ਸਿੰਘ ਨੌਲੀ
ਜਲੰਧਰ, 28 ਅਪਰੈਲ
ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ਾਂ ਤਹਿਤ ਫੇਅਰਡੀਲ ਏਜੰਸੀ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਉਹ 600 ਰੁਪਏ ਵਾਲਾ ਆਕਸੀਜਨ ਸਿਲੰਡਰ 18,600 ਰੁਪਏ ਵਿੱਚ ਵੇਚ ਰਿਹਾ ਸੀ। ਪੁਲੀਸ ਨੇ ਡਰੱਗ ਇੰਸਪੈਕਟਰ ਰਵੀ ਗੁਪਤਾ ਦੇ ਬਿਆਨਾਂ ’ਤੇ ਫੇਅਰਡੀਲ ਦੇ ਮਾਲਕ ਵਿਰੁੱਧ ਆਈਪੀਸੀ ਦੀ ਧਾਰਾ 188 ਤੇ ਕੌਮੀ ਆਫਤ ਮੈਨੇਜਮੈਂਟ ਐਕਟ 2005 ਅਤੇ ਹੋਰ ਧਾਰਾਵਾਂ ਤਹਿਤ ਥਾਣਾ ਡਿਵੀਜ਼ਨ ਨੰਬਰ ਤਿੰਨ ਵਿੱਚ ਮਾਮਲਾ ਦਰਜ ਕੀਤਾ ਹੈ। ਏਜੰਸੀ ਦੇ ਮਾਲਕ ਦੀ ਪਛਾਣ ਅਸ਼ਵਨੀ ਗੋਇਲ ਵਾਸੀ ਬਸੰਤ ਹਿੱਲ, ਨੰਗਲਸ਼ਾਮਾ ਵਜੋਂ ਹੋਈ ਹੈ। ਪੁਲੀਸ ਨੇ ਉਸ ਕੋਲੋਂ ਆਕਸੀਜਨ ਦੇ ਭਰੇ ਹੋਏ ਪੰਜ ਸਿਲੰਡਰ ਅਤੇ ਛੇ ਖਾਲੀ ਸਿਲੰਡਰ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਘਨਸ਼ਿਆਮ ਥੋਰੀ ਨੇ ਆਕਸੀਜਨ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਪੁਲੀਸ ਨੂੰ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਕੀਤੀਆਂ ਸਨ। ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਐੱਸਐੱਚਓ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਆਕਸੀਜਨ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਸ਼ਹਿਰ ਵਿੱਚ ਕੀਤੀ ਗਈ ਇਹ ਪਹਿਲੀ ਕਾਰਵਾਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਇਹ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਆਕਸੀਜਨ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਆਕਸੀਜਨ ਦੀ ਸਪਲਾਈ ਹਸਪਤਾਲਾਂ ਨੂੰ ਹੀ ਕੀਤੀ ਜਾ ਰਹੀ ਹੈ ਤੇ ਇਸ ਗੱਲ ’ਤੇ ਤਿੱਖੀਆਂ ਨਜ਼ਰਾਂ ਰੱਖੀਆਂ ਜਾ ਰਹੀਆਂ ਹਨ ਕਿ ਕਿਤੇ ਵੀ ਕੋਈ ਬਲੈਕ ਵਿੱਚ ਲੋਕਾਂ ਨੂੰ ਆਕਸੀਜਨ ਨਾ ਵੇਚੇ। ਗ੍ਰਿਫ਼ਤਾਰ ਕੀਤੇ ਗਏ ਏਜੰਸੀ ਦੇ ਮਾਲਕ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।