ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 25 ਅਕਤੂਬਰ
ਮਾਲੇਰਕੋਟਲਾ ਦੀ ਮੁਸਲਿਮ ਜਥੇਬੰਦੀ ‘ਸਿੱਖ ਮੁਸਲਿਮ ਸਾਝਾਂ’ ਦੇ ਬਾਨੀ ਨਸੀਰ ਅਖਤਰ ਦੀ ਪੁਸਤਕ ‘ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੌੜਾ ਸੱਚ ਅਤੇ ਮੁਸਲਮਾਨ’ ਇੱਥੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦੀਵਾਲੀ ਮੌਕੇ ਰਿਲੀਜ਼ ਕੀਤੀ ਗਈ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਵਫ਼ਦ ਨੇ ਇੱਥੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਨਮਾਜ਼ ਵੀ ਅਦਾ ਕੀਤੀ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਮੁਸਲਿਮ ਭਾਈਚਾਰੇ ਦਾ ਇਹ ਵਫ਼ਦ ਇੱਥੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਆਇਆ ਸੀ। ਮੁਸਲਿਮ ਜਥੇਬੰਦੀ ਦੇ ਆਗੂ ਨਸੀਰ ਅਖ਼ਤਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਇੱਕ ਪੁਸਤਕ ਲਿਖੀ ਗਈ ਹੈ, ਜਿਸ ਨੂੰ ਇੱਥੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਇੱਥੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸੰਗਤ ਵਾਸਤੇ ਲੰਗਰ ਲਾਉਣ ਲਈ ਆਗਿਆ ਲੈਣ ਆਏ ਸਨ। ਇਸ ਸਬੰਧੀ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਵਾਪਸੀ ਵੇਲੇ ਨਮਾਜ਼ ਦਾ ਸਮਾਂ ਹੋਣ ਕਾਰਨ ਉਨ੍ਹਾਂ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਨਮਾਜ਼ ਵੀ ਅਦਾ ਕੀਤੀ। ਦੀਵਾਲੀ ਮੌਕੇ ਮੁਸਲਿਮ ਭਾਈਚਾਰੇ ਦੇ ਇਸ ਵਫ਼ਦ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਨਮਾਜ਼ ਅਦਾ ਕੀਤੇ ਜਾਣ ਦੀ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ।
ਦਿਲਜੀਤ ਸਿੰਘ ਬੇਦੀ ਦੀ ਪੁਸਤਕ ‘ਬਾਬਾ ਬਿਨੋਦ ਸਿੰਘ’ ਰਿਲੀਜ਼
ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਿਨੋਦ ਸਿੰਘ ਦੇ ਜੀਵਨ ਸੰਘਰਸ਼ ਸਬੰਧੀ ਇਤਿਹਾਸਕ ਪਰਿਪੇਖ ਪੇਸ਼ ਕਰਦੀ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਦੀ ਸੰਪਾਦਤ ਪੁਸਤਕ ਬਾਬਾ ਬਲਬੀਰ ਸਿੰਘ ਨੇ ਗੁਰਦੁਆਰਾ ਮੱਲ ਅਖਾੜਾ ਪਾਤਸ਼ਾਹੀ ਛੇਵੀਂ ਵਿੱਚ ਲੋਕ ਅਰਪਣ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਨੂੰ ਨਿਹੰਗ ਸਿੰਘਾਂ ਅਤੇ ਆਮ ਪਾਠਕਾਂ ਦੀ ਜਾਣਕਾਰੀ ਹਿੱਤ ਬੁੱਢਾ ਦਲ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਇਸ ਪੁਸਤਕ ਰਾਹੀਂ ਬੁੱਢਾ ਦਲ ਦੀਆਂ ਮਹਾਨ ਸ਼ਖ਼ਸੀਅਤਾਂ ਸਣੇ ਬਾਬਾ ਬਿਨੋਦ ਸਿੰਘ ਦਾ ਜੀਵਨ ਆਮ ਲੋਕਾਂ ਨੂੰ ਪੜ੍ਹਨ ਦਾ ਮੌਕਾ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਦਿਲਜੀਤ ਸਿੰਘ ਬੇਦੀ ਨੇ ਸ਼੍ਰੋਮਣੀ ਕਮੇਟੀ ਵਿੱਚ ਆਪਣੇ ਕਾਰਜ ਕਾਲ ਦੌਰਾਨ ਦਫ਼ਤਰੀ ਕਾਰਜ ਦੇ ਨਾਲ-ਨਾਲ ਚੰਗੀਆਂ ਪੁਸਤਕਾਂ ਲਿਖੀਆਂ ਤੇ ਪ੍ਰਕਾਸ਼ਿਤ ਕੀਤੀਆਂ ਹਨ, ਹੁਣ ਬੁੱਢਾ ਦਲ ਵਿੱਚ ਰਹਿ ਕੇ ਵੀ ਉਹ ਚੰਗੀ ਸੇਵਾ ਨਿਭਾਅ ਰਹੇ ਹਨ।