ਡਾ. ਹਿਮਾਂਸ਼ੂ ਸੂਦ/ਅਜੈ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 16 ਦਸੰਬਰ
ਲੋਕ ਨਿਰਮਾਣ ਤੇ ਪ੍ਰਸ਼ਾਸਕੀ ਸੁਧਾਰ ਮੰਤਰੀ ਵਿਜੈਇੰਦਰ ਸਿੰਗਲਾ ਨੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਵਸ ਮੌਕੇ ਜੋਤੀ ਸਰੂਪ ਮੋੜ ’ਤੇ ਸਥਾਪਤ ਬਾਬਾ ਬੰਦਾ ਬਹਾਦਰ ਦਾ 12 ਫੁੱਟ ਉੱਚਾ ਕਾਂਸੀ ਦਾ ਬੁੱਤ ਲੋਕ ਅਰਪਣ ਕੀਤਾ ਅਤੇ ਇਸ ਚੌਕ ਦਾ ਨਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ। ਇਸ ਦੌਰਾਨ ਸਿੰਗਲਾ ਨੇ ਕਿਹਾ ਕਿ ਖਾਲਸਾ ਰਾਜ ਸਥਾਪਤ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਕਾਰਜ ਜਾਗੀਰਦਾਰੀ ਪ੍ਰਬੰਧ ਖ਼ਤਮ ਕਰ ਕੇ ਕਾਸ਼ਤਕਾਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਅਤੇ ਅੱਜ ਕੇਂਦਰ ਦੀ ਮੋਦੀ ਸਰਕਾਰ ਜ਼ਮੀਨਾਂ ਖੋਹਣ ਨੂੰ ਫਿਰਦੀ ਹੈ, ਜਿਸ ਦਾ ਉਹ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਵਿੱਚ ਕਾਂਗਰਸ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ। ਕੇਂਦਰ ਵੱਲੋਂ ਬੀਐੱਸਐੱਫ ਦੇ ਅਧਿਕਾਰ ਖੇਤਰ ’ਚ ਕੀਤੇ ਗਏ ਵਾਧੇ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਸਾਰੀਆਂ ਪਾਰਟੀਆਂ ਇਸ ਮਸਲੇ ’ਤੇ ਇਕੱਠੀਆਂ ਹੋਣ ਤਾਂ ਪੰਜਾਬ ਸਰਕਾਰ ਇਸ ਸਬੰਧੀ ਕੇਂਦਰ ਨਾਲ ਗੱਲਬਾਤ ਕਰੇਗੀ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਤੇ ਹੋਰ ਹਾਜ਼ਰ ਸਨ।
ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਲਾਉਣ ’ਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਅਕਾਲੀ ਸਰਕਾਰ ਵੇਲੇ ਮਨਜ਼ੂਰ ਕਰਵਾਇਆ ਗਿਆ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਹੀ ਇਸ ਸਬੰਧੀ 20 ਫੁੱਟ ਜਗ੍ਹਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਰਾਜਨੀਤੀ ਕਰਦੇ ਹੋਏ ਚੁੱਪ-ਚੁਪੀਤੇ ਇਸ ਪ੍ਰਾਜੈਕਟ ਦਾ ਉਦਘਾਟਨ ਕਰ ਦਿੱਤਾ ਤੇ ਸ਼੍ਰੋਮਣੀ ਕਮੇਟੀ ਨੂੰ ਬੁਲਾਇਆ ਵੀ ਨਹੀਂ।