ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 19 ਸਤੰਬਰ
ਇਥੇ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਅੱਡਾ ਖੁੱਡਾ ਵਿੱਚ ਅੱਜ ਬਾਅਦ ਦੁਪਹਿਰ ਪੰਜਾਬ ਰੋਡਵੇਜ਼ ਦੀ ਬੱਸ ਖੜ੍ਹੇ ਟਰੱਕ ਨਾਲ ਜਾ ਟਕਰਾਈ। ਇਸ ਕਾਰਨ ਬੱਸ ਵਿਚ ਸਵਾਰ ਕਰੀਬ 20 ਸਵਾਰੀਆਂ ਅਤੇ ਡਰਾਈਵਰ ਜ਼ਖ਼ਮੀ ਹੋ ਗਏ। ਇਹ ਹਾਦਸਾ ਬਾਅਦ ਦੁਪਹਿਰ 1.30 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋਂ ਰੋਡਵੇਜ਼ ਦੇ ਜਗਰਾਉਂ ਡਿੱਪੂ ਦੀ ਬੱਸ ਪਠਾਨਕੋਟ ਤੋਂ ਜਗਰਾਓਂ ਵੱਲ ਜਾ ਰਹੀ ਸੀ ਤਾਂ ਉਹ ਖੜ੍ਹੇ ਮਿਕਸਰ ਟਰੱਕ (ਕੰਕਰੀਟ ਮਿਕਸਰ) ਦੇ ਪਿੱਛੇ ਜਾ ਟਕਰਾਈ। ਸਥਾਨਕ ਲੋਕਾਂ ਦੀ ਮਦਦ ਨਾਲ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਜ਼ਖਮੀਆਂ ਨੂੰ ਟਾਂਡਾ ਅਤੇ ਦਸੂਹਾ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ। ਹਾਦਸੇ ਵਿੱਚ ਬੱਸ ਦਾ ਡਰਾਈਵਰ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਜਗਰਾਓਂ, ਸਵਾਰੀਆਂ ਨਿਰਮਲਾ ਦੇਵੀ ਪਤਨੀ ਜਗਦੀਪ ਸ਼ਰਮਾ ਵਾਸੀ ਪਠਾਨਕੋਟ, ਰਾਜ ਕੁਮਾਰ ਪੁੱਤਰ ਗੁਰਮੀਤ ਲਾਲ ਵਾਸੀ ਟਾਂਡਾ, ਸੁਸ਼ਮਾ ਰਾਣੀ ਪਤਨੀ ਵਿਜੈ ਕੁਮਾਰ ਵਾਸੀ ਮੁਕੇਰੀਆਂ, ਸਰੋਜ ਪਤਨੀ ਦਲਜੀਤ ਸਿੰਘ ਵਾਸੀ ਮੀਰਥਲ, ਬਲਦੇਵ ਕੌਰ ਪਤਨੀ ਹਰਭਜਨ ਸਿੰਘ ਵਾਸੀ ਘੋੜਾ ਚੱਕ, ਸ਼ਰੂਤੀ ਪੁੱਤਰੀ ਸ਼ਿਵ ਕੁਮਾਰ ਵਾਸੀ ਪਠਾਨਕੋਟ, ਹਰਭਜਨ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਚੱਕ ਬਾਮ, ਕਮਲਜੀਤ ਕੌਰ ਪਤਨੀ ਰਾਜਪਾਲ, ਰਾਜੀਵ ਸ਼ਰਮਾ ਪੁੱਤਰ ਪ੍ਰੇਮ ਚੰਦ ਵਾਸੀ ਹਮੀਰਪੁਰ (ਹਿਮਾਚਲ), ਕਰਮ ਸਿੰਘ ਪੁੱਤਰ ਜਵਾਲਾ ਦਾਸ ਵਾਸੀ ਕੈਂਥਾ, ਰਾਮਪਾਲ ਪੁੱਤਰ ਦਲੀਪ ਵਾਸੀ ਭੰਗਾਲਾ, ਮਿੰਦਰ ਕੌਰ ਪਤਨੀ ਕਰਮ ਸਿੰਘ ਵਾਸੀ ਕੈਂਥਾ, ਗੁਰਬਖਸ਼ ਸਿੰਘ ਪੁੱਤਰ ਸਰਲੋਚਨ ਸਿੰਘ ਵਾਸੀ ਭਾਨਾ, ਸ਼ਿਵ ਕੁਮਾਰ ਵਾਸੀ ਗੁਰਦਾਸਪੁਰ, ਆਸ਼ਾ ਰਾਣੀ ਵਾਸੀ ਕਪੂਰਥਲਾ ਅਤੇ ਰੋਹਿਤ ਵਾਸੀ ਪਠਾਨਕੋਟ ਜ਼ਖ਼ਮੀ ਹੋ ਗਏ। ਇਸ ਦੌਰਾਨ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਹਸਪਤਾਲਾਂ ਵਿੱਚ ਜਾ ਕੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ।