ਦਵਿੰਦਰ ਪਾਲ
ਚੰਡੀਗੜ੍ਹ, 22 ਅਕਤੂਬਰ
ਸਿੰਘ ਸਭਾ ਦੇ 150 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਅੱਜ ਸਮਾਗਮ ਦਾ ਆਗਾਜ਼ ਹੋ ਗਿਆ। ਇਸ ਦੌਰਾਨ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਇਕਸੁਰ ਹੁੰਦਿਆਂ ਸਿੱਖ ਸਿਧਾਂਤ ਨੂੰ ਨਿਖਾਰਨ ਤੇ ਪ੍ਰਚਾਰਨ ਲਈ, ਅਕਾਲ ਤਖ਼ਤ ਵੱਲੋਂ ਜਾਰੀ ਸਰਬ-ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਦਾ ਸੱਦਾ ਦਿੱਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਰਹਿਤ ਮਰਿਆਦਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਇੱਕ ਦੂਜੇ ਦੇ ਪੂਰਕ ਹਨ।
ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਤੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ 1873 ਵਿੱਚ ਖੜ੍ਹੀ ਹੋਈ ਸਿੰਘ ਸਭਾ ਲਹਿਰ ਵੱਲੋਂ ਜਿਨ੍ਹਾਂ ਵਹਿਮਾਂ-ਭਰਮਾਂ ਵਿਰੁੱਧ ਪ੍ਰਚਾਰ ਕੀਤਾ ਗਿਆ, ਓਹੀ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਗੁਰਦੁਆਰਿਆਂ ਵਿੱਚ ਕੀਤੇ ਜਾ ਰਹੇ ਹਨ। ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਚੇਅਰ ਦੇ ਮੁਖੀ ਪ੍ਰੋ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਡੇਢ ਸੌ ਸਾਲਾਂ ਦੌਰਾਨ ਅੱਜ ਸਿੱਖ ਜੀਵਨ ਵਿੱਚ ਸਭ ਤੋਂ ਵੱਧ ਨਿਘਾਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਹਲਕਿਆਂ ਵਿੱਚ ਸਿੱਖ ਸਿਧਾਂਤ/ਪੰਥ ਅਤੇ ਗੁਰੂ ਗ੍ਰੰਥ ਦੇ ਨਿਵੇਕਲੇਪਨ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਹਨ।
ਵਿਗਿਆਨ ਵਿਸ਼ੇ ਦੇ ਨਾਮਵਾਰ ਪ੍ਰੋਫੈ਼ਸਰ ਹਰਦੇਵ ਸਿੰਘ ਵਿਰਕ ਨੇ ਕਿਹਾ ਕਿ ਸਿੱਖਾਂ ਵਿੱਚ ਖੋਜ ਅਤੇ ਪੜ੍ਹਨ ਲਿਖਣ ਦਾ ਰੁਝਾਨ ਬਹੁਤ ਘੱਟ ਗਿਆ ਹੈ ਜਿਸ ਕਰਕੇ, ਸਿੱਖ ਜ਼ਿਆਦਾਤਰ ਮਿਥਿਹਾਸ ਅਤੇ ਲਲਕਾਰੇ ਨੁਮਾ ਮਾਹੌਲ ਵੱਲ ਖਿੱਚੇ ਜਾਂਦੇ ਹਨ।