ਖੇਤਰੀ ਪ੍ਰਤੀਨਿਧ
ਬਰਨਾਲਾ, 30 ਅਕਤੂਬਰ
ਇੱਥੋਂ ਦੇ ਤਰਕਸ਼ੀਲ ਭਵਨ ਵਿੱਚ ਫੈਡਰੇਸ਼ਨ ਆਫ਼ ਇੰਡੀਅਨ ਰੈਸ਼ਨੇਲਿਸਟ ਐਸੋਸੀਏਸ਼ਨਜ਼ (ਫੀਰਾ) ਦੀ ਦੋ ਰੋਜ਼ਾ ਕੌਮੀ ਕਾਨਫਰੰਸ ਵਿਗਿਆਨਕ ਚੇਤਨਾ ਅਤੇ ਭੇਦ-ਭਾਵ ਮੁਕਤ ਸਮਾਜ ਸਿਰਜਣ ਦਾ ਸੱਦਾ ਦਿੰਦੀ ਸਮਾਪਤ ਹੋ ਗਈ ਹੈ। ਅੱਜ ਕਾਨਫਰੰਸ ਦੇ ਦੂਜੇ ਤੇ ਆਖਰੀ ਦਿਨ ‘ਫੀਰਾ’ ਦੇ ਕੌਮੀ ਸਕੱਤਰ ਡਾ. ਸੁਦੇਸ਼ ਘੋੜੇਰਾਓ ਨੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਸੱਤਾ ਦੀ ਸਾਂਝ ਨਾਲ ਵਧ ਫੁੱਲ ਰਹੀਆਂ ਫਾਸ਼ੀਵਾਦੀ ਤਾਕਤਾਂ ਮਾਨਵਤਾਵਾਦੀ ਸਮਾਜ ਦੇ ਰਾਹ ਵੱਚ ਰੋੜਾ ਹਨ। ਇਹ ਤਾਕਤਾਂ ਧਰਮ ਤੇ ਅੰਧਵਿਸ਼ਵਾਸ ਦੇ ਸਹਾਰੇ ਲੋਕਾਂ ਨੂੰ ਗੁਮਰਾਹ ਕਰਨ ’ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਆਖਿਆ ਕਿ ਅਜਿਹੀਆਂ ਤਾਕਤਾਂ ਨੂੰ ਮਾਤ ਦੇਣ ਲਈ ਚੇਤਨਾ, ਇੱਕਜੁਟਤਾ ਤੇ ਸੰਘਰਸ਼ ਹੀ ਸਹੀ ਰਾਹ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੇਜ਼ਬਾਨੀ ‘ਚ ਹੋਈ ਕਾਨਫਰੰਸ ਵਿੱਚ ‘ਔਰਤਾਂ ਤੇ ਅੰਧਵਿਸ਼ਵਾਸ’ ਵਿਸ਼ੇ ’ਤੇ ਬਸੰਤੀ ਅਚਾਰੀਆ ਉੜੀਸਾ, ਡਾ. ਅਰੀਤ, ਮਮਤਾ ਨਾਇਕ ਕਰਨਾਟਕ ਅਤੇ ਸਜੀਤ. ਸੀ ਕੇਰਲਾ ਨੇ ਭਾਰਤੀ ਸਮਾਜ ਵਿੱਚ ਔਰਤ ਜੀਵਨ ਦੇ ਹਾਲਾਤ ਅਤੇ ਅੰਧਵਿਸ਼ਵਾਸ ਕਾਰਨ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਕੀਤੀ। ਉਨ੍ਹਾਂ ਔਰਤਾਂ ਲਈ ਅੱਗੇ ਵਧਣ ਦੇ ਮੌਕੇ ਅਤੇ ਸਮਾਜਿਕ ਬਰਾਬਰੀ ਦੀ ਮੰਗ ਕੀਤੀ। ਕਾਨਫਰੰਸ ਦੇ ਅਗਲੇ ਸੈਸ਼ਨ ਵਿੱਚ ਸਾਇੰਸ ਫ਼ਾਰ ਸੁਸਾਇਟੀ ਝਾਰਖੰਡ, ਅੰਧਸ਼ਰਧਾ ਨਿਰਮੂਲਣ ਸੰਮਤੀ ਮਹਾਰਾਸ਼ਟਰ, ਯੁਕਤੀਵਾਦੀ ਸੰਗਠਨ ਕੇਰਲਾ ਸਮੇਤ ਹੋਰਨਾਂ ਰਾਜਾਂ ਦੇ ਡੈਲੀਗੇਟਾਂ ਨੇ ਆਪੋ-ਆਪਣੀਆਂ ਸੰਸਥਾਵਾਂ ਦੀਆਂ ਸਰਗਰਮੀਆਂ ’ਤੇ ਚਾਨਣਾ ਪਾਇਆ। ‘ਫੀਰਾ’ ਦੇ ਕੌਮੀ ਪ੍ਰਧਾਨ ਪ੍ਰੋ. ਨਰੇਂਦਰ ਨਾਇਕ ਨੇ ਦੇਸ਼ ਭਰ ਵਿੱਚ ਮਾਨਵਵਾਦੀ, ਤਰਕਸ਼ੀਲ ਤੇ ਵਿਗਿਆਨਕ ਵਿਚਾਰਾਂ ਦੇ ਪ੍ਰਚਾਰ ਲਈ ਡਟਣ ਦਾ ਸੱਦਾ ਦਿੱਤਾ। ਇਸ ਮੌਕੇ ਸਾਹਿਤਕ ਖੇਤਰ ਵਿੱਚ ਤਰਕਸ਼ੀਲ ਸਾਹਿਤ ਨਾਲ ਉੱਘਾ ਯੋਗਦਾਨ ਪਾਉਣ ਬਦਲੇ ਸੰਸਥਾ ਵੱਲੋਂ ਡਾ. ਸੁਰਿੰਦਰ ਅਜਨਾਤ ਤੇ ਸੋਮਾ ਸਬਲੋਕ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਆਖਰੀ ਸੈਸ਼ਨ ਵਿੱਚ ਪੰਜਾਬ, ਉੜੀਸਾ ਤੇ ਤਿਲੰਗਾਨਾ ਰਾਜਾਂ ਦੀਆਂ ਸੱਭਿਆਚਾਰਕ ਕਲਾ ਦੀਆਂ ਵੰਨਗੀਆਂ ਚੇਤਨਾ ਅਤੇ ਚਾਨਣ ਦਾ ਛਿੱਟਾ ਦੇ ਗਈਆਂ।
ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ਪੇਸ਼ ਕੀਤੀ ਗਈ ਭਗਤ ਸਿੰਘ ਦੀ ਘੋੜੀ ਸੱਭਿਆਚਾਰਕ ਸੈਸ਼ਨ ਦਾ ਸਿਖ਼ਰ ਹੋ ਨਿੱਬੜੀ। ਕਾਨਫਰੰਸ ਵਿੱਚ 18 ਰਾਜਾਂ ਤੋਂ ਆਏ ਡੈਲੀਗੇਟਾਂ ਨੇ ਬਰਨਾਲਾ ਸ਼ਹਿਰ ਵਿੱਚ ਆਪੋ-ਆਪਣੇ ਰਾਜਾਂ ਦੇ ਬੈਨਰਾਂ ਤੇ ਰਾਮਾਸਵਾਮੀ ਪੇਰੀਆਰ, ਡਾ. ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਫੜ ਕੇ ਪ੍ਰਭਾਵਸ਼ਾਲੀ ਮਾਰਚ ਵੀ ਕੱਢਿਆ।