ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 29 ਜੂਨ
ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ‘ਆਲਟ ਨਿਊਜ਼’ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਦੀ ਗ੍ਰਿਫ਼ਤਾਰੀ ਨੂੰ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਸਰਕਾਰ ’ਤੇ ਤਾਨਾਸ਼ਾਹੀ ਵਤੀਰਾ ਵਰਤ ਕੇ ਵਿਰੋਧੀਆਂ ਦੇ ਮੂੰਹ ਬੰਦ ਕਰਨ ਦਾ ਦੋਸ਼ ਲਾਇਆ ਹੈ।
ਸਭਾ ਨੇ ਜ਼ੁਬੈਰ ਦੀ ਗ੍ਰਿਫ਼ਤਾਰੀ ਨਿਖੇਧੀ ਕਰਦਿਆਂ ਜਮਹੂਰੀਅਤ ਪਸੰਦ ਲੋਕਾਂ ਨੂੰ ਜਮਹੂਰੀ ਹੱਕਾਂ ’ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਸਭਾ ਦੇ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਬਠਿੰਡਾ ਅਤੇ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਜਿਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਵਿੱਚ ਦੁਨੀਆਂ ਨੂੰ ਭਾਰਤ ਦੀ 1975 ਦੀ ਐਮਰਜੈਂਸੀ ਬਾਰੇ ਭਾਸ਼ਣ ਦਿੰਦਿਆਂ ਵਿਅਕਤੀ ਦੇ ਵਿਚਾਰਾਂ ਦੀ ਆਜ਼ਾਦੀ ਦੀ ਸ਼ਾਹਦੀ ਭਰਕੇ ਮਹਾਨ ਬਣਨ ਦਾ ਦਾਅਵਾ ਕਰ ਰਹੇ ਸਨ। ਉਸੇ ਵਕਤ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਕਿਸੇ ਕੇਸ ਦੀ ਤਫ਼ਤੀਸ਼ ਦੇ ਬਹਾਨੇ ਥਾਣੇ ਬੁਲਾ ਕੇ ਚਾਰ ਸਾਲ ਪੁਰਾਣੇ ਇੱਕ ਫ਼ਿਲਮੀ ਸੀਨ ਨੂੰ ਰੀ-ਟਵੀਟ ਕਰਨ ’ਤੇ 295-ਏ ਦੇ ਦੋੋਸ਼ ਹੇਠ ਗ੍ਰਿਫ਼ਤਾਰ ਕਰ ਗਿਆ।
‘ਕਾਨੂੰਨ ਸਭ ਲਈ ਬਰਾਬਰ ਹੈ’ ਦੇ ਦਾਅਵੇ ਦੀ ਪੋਲ ਖੋਲ੍ਹਦਿਆਂ ਤੇ ਪੁਲੀਸ ਦੀ ਕਥਿਤ ਦੋਗਲੀ ਨੀਤੀ ’ਤੇ ਤਨਜ਼ ਕੱਸਦਿਆਂ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਖੁੱਲ੍ਹੇ ਤੌਰ ’ਤੇ ਮਾਰਨ ਦੇ ਨਾਅਰੇ ਲਾਉਣ ਜਾਂ ਕਿਸੇ ਪੈਗੰਬਰ ਖ਼ਿਲਾਫ਼ ਅਪਸ਼ਬਦ ਬੋਲਣ ਵਾਲਿਆਂ ਸਰਕਾਰੀ ਸੁਰੱਖਿਆ ’ਚ ਰੱਖਿਆ ਹੋਇਆ ਹੈ ਅਤੇ ਦੂਜੇ ਪਾਸੇ ਲੋਕਾਂ ਦੇ ਜਮਹੂਰੀ ਅਧਿਕਾਰਾਂ ’ਤੇ ਪਹਿਰਾ ਦੇਣ ਵਾਲੇ ਬੁੱਧੀਜੀਵੀਆਂ ਨੂੰ ਜੇਲ੍ਹੀ ਡੱਕ ਕੇ ਡਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਖ਼ਿਲਾਫ਼ ਲਾਮਬੰਦ ਹੋਣ ਚਾਹੀਦਾ ਹੈ।