ਗਗਨਦੀਪ ਅਰੋੜਾ
ਲੁਧਿਆਣਾ, 6 ਫਰਵਰੀ
ਇੱਥੇ ਪੱਖੋਵਾਲ ਰੋਡ ਸਥਿਤ ਹੋਟਲ ਕੀਜ਼ ਨੇੜਲੀ ਰੋਡ ’ਤੇ ਬੀਤੀ ਦੇਰ ਰਾਤ ਇੱਕ ਤੇਜ਼ ਰਫ਼ਤਾਰ ਕਾਰ ਧੂਣੀ ਸੇਕ ਰਹੇ ਪੰਜ ਜਣਿਆਂ ’ਤੇ ਚੜ੍ਹ ਗਈ। ਜਾਣਕਾਰੀ ਅਨੁਸਾਰ ਦੋ ਕਾਰਾਂ ਦਰਮਿਆਨ ਰੇਸ ਲਾਈ ਜਾ ਰਹੀ ਸੀ ਜਿਨ੍ਹਾਂ ਵਿੱਚੋਂ ਇੱਕ ਬੇਕਾਬੂ ਹੋ ਕੇ ਉੱਥੇ ਪਾਨ ਦੇ ਖੋਖੇ ਬਾਹਰ ਧੂਣੀ ਸੇਕ ਰਹੇ ਲੋਕਾਂ ’ਤੇ ਚੜ੍ਹ ਗਈ। ਇਸ ਹਾਦਸੇ ’ਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਜਦਕਿ ਚਾਰ ਗੰਭੀਰ ਜ਼ਖ਼ਮੀ ਹੋ ਗਏ। ਲੋਕਾਂ ਨੂੰ ਦਰੜਨ ਮਗਰੋਂ ਕਾਰ ਦਰੱਖਤ ’ਚ ਵੱਜ ਕੇ ਪਲਟ ਗਈ। ਲੋਕਾਂ ਨੇ ਕਾਰ ਨੂੰ ਸਿੱਧਾ ਕੀਤਾ ਅਤੇ ਇਸ ਵਿੱਚ ਸਵਾਰ ਲੜਕੇ ਤੇ ਲੜਕੀ ਨੂੰ ਬਾਹਰ ਕੱਢਿਆ। ਲੋਕਾਂ ਦਾ ਦੋਸ਼ ਹੈ ਕਿ ਪੁਲੀਸ ਨੂੰ ਤੁਰੰਤ ਫੋਨ ਕੀਤਾ ਗਿਆ ਸੀ ਪਰ ਪੁਲੀਸ ਕਾਫ਼ੀ ਸਮੇਂ ਬਾਅਦ ਘਟਨਾ ਸਥਾਨ ’ਤੇ ਪੁੱਜੀ ਅਤੇ ਪੁਲੀਸ ਨੇ ਨੌਜਵਾਨ ਨੂੰ ਵੀ ਭਜਾ ਦਿੱਤਾ। ਲੋਕਾਂ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮ੍ਰਿਤਕ ਦੀ ਪਛਣਾ ਮੁਹੰਮਦ ਸਲੀਮ (70) ਵਜੋਂ ਹੋਈ ਹੈ ਜਦਕਿ ਜ਼ਖ਼ਮੀਆਂ ਵਿਚ ਦੀਪਕ, ਅਵਿਨਾਸ਼, ਲਲਿਤ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਹਨ। ਥਾਣਾ ਸਦਰ ਵਿੱਚ ਅਣਪਛਾਤੇ ਕਾਰ ਚਾਲਕ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪ੍ਰਤੱਖਦਰਸ਼ੀ ਫਾਸਟਫੂਡ ਦੀ ਦੁਕਾਨ ਚਲਾਉਣ ਵਾਲੇ ਰਿੰਕੂ ਕੁਮਾਰ ਨੇ ਦੱਸਿਆ ਕਿ ਖੋਖੇ ਦੇ ਬਾਹਰ ਪੰਜ ਵਿਅਕਤੀ ਅੱਗ ਸੇਕ ਰਹੇ ਸਨ। ਇਸ ਦੌਰਾਨ ਰੇਸ ਲਾ ਰਹੀਆਂ ਦੋ ਕਾਰਾਂ ਕਾਫ਼ੀ ਤੇਜ਼ ਰਫ਼ਤਾਰ ਨਾਲ ਨਿਕਲੀਆਂ। ਇਨ੍ਹਾਂ ਵਿੱਚੋਂ ਬੇਕਾਬੂ ਹੋਈ ਇੱਕ ਕਾਰ ਖੋਖੇ ਦੇ ਬਾਹਰ ਅੱਗ ਸੇਕ ਰਹੇ ਪੰਜ ਲੋਕਾਂ ਨੂੰ ਦਰੜਨ ਮਗਰੋਂ ਦਰੱਖਤ ’ਚ ਵੱਜ ਕੇ ਪਲਟ ਗਈ।
ਰਿੰਕੂ ਨੇ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮਾਂ ਨੇ ਆਉਣ ਸਾਰ ਸਭ ਤੋਂ ਪਹਿਲਾਂ ਲੜਕੇ ਤੇ ਲੜਕੀ ਨੂੰ ਭਜਾ ਦਿੱਤਾ, ਫਿਰ ਜ਼ਖ਼ਮੀਆਂ ਕੋਲ ਪੁੱਜੇ। ਉਨ੍ਹਾਂ ਦੋਸ਼ ਲਾਇਆ ਕਿ ਐਂਬੂਲੈਂਸ ਲਗਪਗ ਇੱਕ ਘੰਟੇ ਮਗਰੋਂ ਘਟਨਾ ਸਥਾਨ ’ਤੇ ਪੁੱਜੀ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਮੁਹੰਮਦ ਸਲੀਮ ਦੀ ਮੌਤ ਹੋ ਗਈ। ਉਧਰ, ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਪੁਲੀਸ ਨੇ ਕਾਰ ਚਾਲਕ ਨੂੰ ਨਹੀਂ ਭਜਾਇਆ। ਉਨ੍ਹਾਂ ਕਿਹਾ ਕਿ ਕਾਰ ਚਾਲਕ ਨੂੰ ਪਹਿਲਾਂ ਹੀ ਉਨ੍ਹਾਂ ਦੇ ਸਾਥੀ ਇਲਾਜ ਲਈ ਲਿਜਾ ਚੁੱਕੇ ਸਨ ਜਾਂ ਫਿਰ ਉਹ ਆਪ ਗਏ, ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਕਾਰ ਚਾਲਕ ਦਾ ਪਤਾ ਲਾ ਕੇ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
ਏਅਰਬੈਗ ਨੇ ਕਾਰ ਚਾਲਕ ਤੇ ਸਾਥੀ ਦੀ ਜਾਨ ਬਚਾਈ
ਤੇਜ਼ ਰਫ਼ਤਾਰ ਨਾਲ ਟਕਰਾਈ ਕਾਰ ਦਾ ਅੰਦਾਜ਼ਾ ਉਸ ਦੀ ਹਾਲਤ ਤੋਂ ਲਾਇਆ ਜਾ ਸਕਦਾ ਸੀ। ਕਾਰ ਦੇ ਅੱਗੇ ਦਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਕਾਰ ਦੇ ਦੋਵੇਂ ਏਅਰਬੈਗ ਖੁੱਲ੍ਹ ਕੇ ਬਾਹਰ ਆ ਗਏ ਸਨ। ਉਨ੍ਹਾਂ ਏਅਰਬੈਗਾਂ ਕਾਰਨ ਹੀ ਕਾਰ ਚਾਲਕ ਤੇ ਉਸਦੇ ਸਾਥੀ ਦੀ ਜਾਨ ਬਚੀ ਹੈ ਹਾਲਾਂਕਿ ਕਾਰ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ।