ਪੱਤਰ ਪ੍ਰੇਰਕ
ਪੱਟੀ, 20 ਸਤੰਬਰ
ਸਿਟੀ ਪੁਲੀਸ ਨੇ ਅੰਮ੍ਰਿਤਸਰ ਵਿੱਚ ਥਾਣੇਦਾਰ ਦੀ ਗੱਡੀ ਹੇਠ ਬੰਬ ਫਿੱਟ ਕਰਨ ਦੇ ਮਾਮਲੇ ਵਿੱਚ ਕੋਮਲ ਕੱਕੜ, ਸਾਹਿਲ ਸ਼ਰਮਾ ਤੇ ਕਰਮ ਸ਼ਰਮਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਅਧਿਕਾਰੀ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ 16 ਅਗਸਤ 2022 ਨੂੰ ਅੰਮ੍ਰਿਤਸਰ ਵਿੱਚ ਥਾਣੇਦਾਰ ਦਿਲਬਾਗ ਸਿੰਘ ਦੀ ਗੱਡੀ ਹੇਠ ਆਰਡੀਐੱਕਸ ਲਾਇਆ ਗਿਆ ਸੀ। ਮਾਮਲੇ ਨਾਲ ਸਬੰਧਤ ਅੰਮ੍ਰਿਤਸਰ ਪੁਲੀਸ ਵੱਲੋਂ ਪਹਿਲਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵੀ ਪੱਟੀ ਇਲਾਕੇ ਨਾਲ ਸਬੰਧਤ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੱਟੀ ਸ਼ਹਿਰ ਨਾਲ ਸਬੰਧਤ ਇਨ੍ਹਾਂ ਨੌਜਵਾਨਾਂ ਨੇ ਉਕਤ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਦੀਪਕ ਕੁਮਾਰ ਨੂੰ ਆਪਣੇ ਘਰਾਂ ਵਿੱਚ ਪਨਾਹ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਕੇਸ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਫੜਨ ਲਈ ਪੁਲੀਸ ਛਾਪੇ ਮਾਰ ਰਹੀ ਹੈ।