ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 25 ਜੂਨ
ਮਜ਼ਦੂਰ ਆਗੂ ਬਾਲ ਮੁਕੰਦ ਮਿਸ਼ਰਾ ‘ਤੇ 21 ਜੂਨ ਸ਼ਾਮ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਗਏ ਹਮਲੇ ਦੇ ਸਬੰਧ ਵਿੱਚ ਮੰਡੀ ਗੋਬਿੰਦਗੜ੍ਹ ਪੁਲੀਸ਼ ਨੇ ਇਕ ਸਨਅਤਕਾਰ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਵਿੱਚ ਵਰਿੰਦਰ ਸਿੰਘ ਉਰਫ ਕਰਨ ਵਾਸੀ ਅਮਲੋਹ ਰੋਡ ਮੰਡੀ ਗੋਬਿੰਦਗੜ੍ਹ, ਦੀਪੀ ਬਾਬਾ, ਸੋਨੂੰ ਵਾਸੀ ਚਤਰਪੁਰਾ, ਯੁਵਰਾਜ ਯੁਵੀ ਅਤੇ ਜੈ ਨਾਰਾਇਣ ਕਾਸਟਿੰਗ ਮੰਡੀ ਗੋਬਿੰਦਗੜ੍ਹ ਦੇ ਮਾਲਕ ਜੈਲੀ ਗੋਇਲ ਸ਼ਾਮਲ ਹਨ।
ਪੁਲੀਸ ਨੇ ਹਮਲੇ ਵਿੱਚ ਜ਼ਖ਼ਮੀ ਹੋਏ ਮਜ਼ਦੂਰ ਆਗੂ ਦੇ ਬਿਆਨਾਂ ਦੇ ਅਧਾਰ ‘ਤੇ ਇਹ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਭਾਰਤੀ ਮਜ਼ਦੂਰ ਸ਼ੰਘ ਦਾ ਪ੍ਰਧਾਨ ਹੈ ਅਤੇ ਮਜ਼ਦੂਰਾਂ ਦੇ ਕੇਸਾਂ ਦੀ ਪੈਰਵੀ ਕਰਦਾ ਹੈ। ਬੁੱਧਵਾਰ ਸ਼ਾਮ ਨੂੰ ਕਰੀਬ 5 ਵਜੇ ਨਸਰਾਲੀ ਰੋਡ ‘ਤੇ ਸਥਿਤ ਕਰਮ ਮਿੱਲ ਦੇ ਬਾਹਰ ਉਹ ਆਪਣੀ ਚਾਹ ਦੀ ਦੁਕਾਨ ‘ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਪਹਿਲਾਂ ਹਮਲਾਵਰਾਂ ਨੇ ਉਸ ਦੀ ਰੇਕੀ ਕੀਤੀ ਅਤੇ ਬਾਅਦ ਵਿੱਚ ਕਾਰ ‘ਚ ਆਏ ਚਾਰ ਨੌਜਵਾਨਾਂ ਨੇ ਬੇਸਬਾਲ ਦੇ ਬੱਲਿਆਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਕੁੱਟਮਾਰ ਤੋਂ ਪਹਿਲਾ ਹਮਲਾਵਰਾਂ ਨੇ ਮਿੱਲ ਮਾਲਕ ਖ਼ਿਲਾਫ਼ ਮਜ਼ਦੂਰਾਂ ਦੇ ਚੱਲ ਰਿਹਾ ਕੇਸ ਬੰਦ ਕਰਨ ਦਾ ਦਬਾਅ ਵੀ ਪਾਇਆ ਅਤੇ ਧਮਕੀ ਦਿੱਤੀ ਕਿ ਜੇਕਰ ਕੇਸ ਅੱਗੇ ਚਲਾਇਆ ਤਾਂ ਉਸ ਦੀ ਇਸ ਨਾਲੋਂ ਵੀ ਮਾੜੀ ਹਾਲਤ ਕੀਤੀ ਜਾਵੇਗੀ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।