ਹਰਦੀਪ ਸਿੰਘ ਸੋਢੀ
ਧੂਰੀ, 15 ਮਾਰਚ
ਨੇੜਲੇ ਪਿੰਡ ਭਸੌੜ ਵਿੱਚ ਦਲਿਤ ਬੱਚਿਆਂ ਦੇ ਹੱਥ ਬੰਨ੍ਹ ਕੇ ਪਿੰਡ ਦੀਆਂ ਗਲੀਆਂ ਵਿੱਚ ਘੁਮਾਉਣ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਪੁਲੀਸ ਨੇ ਪਿੰਡ ਦੇ ਸਰਪੰਚ ਸਮੇਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਜੋਗਿੰਦਰ ਸਿੰਘ, ਗੁਰਮੀਤ ਸਿੰਘ ਅਤੇ ਮੁਹੰਮਦ ਦਾਊਦ ਅੰਸਾਰੀ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਬੀਤੇ ਦਿਨੀਂ ਖੇਡਦੇ-ਖੇਡਦੇ ਨਾਲ ਲੱਗਦੇ ਪਿੰਡ ਬਨਭੌਰੀ ਚਲੇ ਗਏ, ਜਿੱਥੇ ਉਨ੍ਹਾਂ ਨੇ ਕਿਸੇ ਸਮਾਧ ਤੋਂ 250/300 ਰੁਪਏ ਚੱਕ ਲਏ ਸਨ। ਬਾਅਦ ਵਿੱਚ ਇਨ੍ਹਾਂ ਨੂੰ ਬਨਭੌਰੀ ਦੇ ਲੋਕਾਂ ਨੇ ਕਾਬੂ ਕਰ ਲਿਆ। ਪਿੰਡ ਭਸੌੜ ਦੀ ਪੰਚਾਇਤ ਵੀ ਮੌਕੇ ’ਤੇ ਪਹੁੰਚ ਗਈ। ਇਸ ਮਗਰੋਂ ਭਸੌੜ ਦੇ ਸਰਪੰਚ ਅਤੇ ਪੰਚਾਇਤ ਨੇ ਬੱਚਿਆਂ ਦੇ ਹੱਥ ਬੰਨ੍ਹ ਕੇ ਇਨ੍ਹਾਂ ਨੂੰ ਬਨਭੌਰੀ ਤੋਂ ਭਸੌੜ ਤਕ ਚਾਰ ਕਿਲੋਮੀਟਰ ਪੈਦਲ ਤੋਰ ਕੇ ਲਿਆਂਦਾ ਅਤੇ ਰਸਤੇ ਵਿੱਚ ਕਥਿਤ ਤੌਰ ’ਤੇ ਕੁੱਟਮਾਰ ਵੀ ਕੀਤੀ। ਫਿਰ ਪੰਚਾਇਤ ਨੇ ਇਨ੍ਹਾਂ ਨੂੰ 5000 ਰੁਪਏ ਜੁਰਮਾਨਾ ਲਾਇਆ ਅਤੇ ਪੈਸਿਆਂ ਦੀ ਰਸੀਦ ਮੰਗਣ ’ਤੇ ਕਥਿਤ ਗਾਲੀ ਗਲੋਚ ਕੀਤਾ। ਥਾਣਾ ਸਦਰ ਧੂਰੀ ਦੀ ਪੁਲੀਸ ਨੇ ਇਨ੍ਹਾਂ ਬਿਆਨਾਂ ਦੇ ਆਧਾਰ ’ਤੇ ਸਰਪੰਚ ਗੁਰਨਾਮ ਸਿੰਘ, ਮਹਿੰਦਰ ਸਿੰਘ ਫੌਜੀ, ਸੁਨੀਲ ਬਾਂਸਲ ਅਤੇ ਹਰਜਿੰਦਰ ਰਾਜੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਧੀਰੀ ਦੇ ਐੱਸਡੀਐੱਮ ਲਤੀਫ ਅਹਿਮਦ ਤੇ ਡੀਐੱਸਪੀ ਪਰਮਿੰਦਰ ਸਿੰਘ ਸੰਧੂ ਵੱਲੋਂ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸੰਗਰੂਰ ਦੇ ਡਾਇਰੈਕਟਰ ਨੂੰ ਪੱਤਰ ਰਾਹੀਂ ਪਿੰਡ ਭਸੌੜ ਦੀ ਪੰਚਾਇਤ ਨੂੰ ਤੁਰੰਤ ਮੁਅੱਤਲ ਕਰਨ ਦੀ ਹਦਾਇਤ ਕੀਤੀ ਹੈ। ਇਸ ਤੋਂ ਇਲਾਵਾ ਸੰਗਰੂਰ ਦੇ ਐੱਸਐੱਸਪੀ ਨੂੰ ਸਖ਼ਤ ਕਾਰਵਾਈ ਕਰਦਿਆਂ 16 ਮਾਰਚ ਤਕ ਕਮਿਸ਼ਨ ਨੂੰ ਮੁਕੰਮਲ ਰਿਪੋਰਟ ਭੇਜਣ ਦੇ ਹੁਕਮ ਵੀ ਦਿੱਤੇ ਹਨ।