ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਸਤੰਬਰ
ਥਾਣਾ ਟਿੱਬਾ ਦੀ ਪੁਲੀਸ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੀਏ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਅਸ਼ੋਕ ਨਗਰ ਸਲੇਮ ਟਾਬਰੀ ਵਾਸੀ ਕਮਲ ਕਿਸ਼ੋਰ ਨੇ ਦੱਸਿਆ ਕਿ ਸੰਦੀਪ ਸ਼ਰਮਾ ਵਾਸੀ ਧਮੋਟੀਆ ਕਲੋਨੀ ਨੇ ਖ਼ੁਦ ਨੂੰ ਰਵਨੀਤ ਸਿੰਘ ਬਿੱਟੂ ਦਾ ਨੌ ਪੀਏ ਦੱਸ ਕੇ ਉਸ ਨੂੰ ਨਗਰ ਨਿਗਮ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਅਤੇ ਉਸ ਕੋਲੋਂ 2 ਲੱਖ 50 ਹਜ਼ਾਰ ਰੁਪਏ ਲੈ ਲਏ। ਮੁਲਜ਼ਮ ਨੇ ਨਾ ਤਾਂ ਉਸ ਨੂੰ ਨੌਕਰੀ ਦਿਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ, ਸਗੋਂ ਉਸ ਵੱਲੋਂ ਹੁਣ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕਰਨ ਮਗਰੋਂ ਸੰਦੀਪ ਸ਼ਰਮਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।