ਹਰਦੀਪ ਸਿੰਘ
ਧਰਮਕੋਟ, 23 ਅਕਤੂਬਰ
ਐਂਟੀ ਡਰੱਗ ਨਾਰਕੋਟਿਕ ਸੈੱਲ ਨੇ ਥਾਣਾ ਕੋਟ ਈਸੇ ਖਾਂ ਦੇ ਮੁਖੀ ਅਰਸ਼ਪ੍ਰੀਤ ਕੌਰ ਅਤੇ ਪੰਜ ਹੋਰ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਨਸ਼ਾ ਤਸਕਰਾਂ ਦੀ ਮਦਦ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ। ਪੁਲੀਸ ਨੇ ਕੁਝ ਦਿਨ ਪਹਿਲਾਂ ਕੋਟ ਈਸੇ ਖਾਂ ਦੇ ਦਾਤੇ ਵਾਲਾ ਰੋਡ ਦੇ ਅਮਰਜੀਤ ਸਿੰਘ ਉਰਫ ਸੋਨੂ ਕੋਲੋਂ ਤਿੰਨ ਕਿਲੋ ਅਫੀਮ ਬਰਾਮਦ ਕੀਤੀ ਸੀ। ਇਸ ਮਾਮਲੇ ਵਿੱਚ ਅਮਰਜੀਤ ਦਾ ਭਰਾ ਮਨਪ੍ਰੀਤ ਸਿੰਘ ਅਤੇ ਲੜਕਾ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ ਪਰ ਥਾਣਾ ਮੁਖੀ ਅਰਸ਼ਦੀਪ ਕੌਰ ਨੇ ਮਨਪ੍ਰੀਤ ਤੇ ਗੁਰਪ੍ਰੀਤ ਨੂੰ ਛੱਡਣ ਲਈ ਕਿਸੇ ਵਿਚੋਲੇ ਰਾਹੀਂ 8 ਲੱਖ ਰੁਪਏ ਦੀ ਰਕਮ ਦਾ ਸੌਦਾ ਕੀਤਾ, ਜਿਸ ’ਚੋਂ 5 ਲੱਖ ਰੁਪਏ ਵਸੂਲ ਵੀ ਲਏ ਸਨ। ਮਾਮਲੇ ਦੀ ਜਾਂਚ ਮਗਰੋਂ ਥਾਣਾ ਮੁਖੀ ਅਰਸ਼ਪ੍ਰੀਤ ਕੌਰ ਤੇ ਪੰਜ ਹੋਰ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।