ਸੰਤੋਖ ਗਿੱਲ
ਮੁੱਲਾਂਪੁਰ ਦਾਖਾ, 16 ਅਕਤੂਬਰ
ਭਾਰਤ ਮਾਲਾ ਪ੍ਰਾਜੈਕਟ ਤਹਿਤ 32 ਕਰੋੜ ਰੁਪਏ ਮੁਆਵਜ਼ਾ ਹਾਸਲ ਕਰ ਕੇ ਮਾਲਾ-ਮਾਲ ਹੋਈ ਪਿੰਡ ਦਾਖਾ ਦੀ ਵਸਨੀਕ ਅਮਰਜੀਤ ਕੌਰ ਖ਼ਿਲਾਫ਼ ਥਾਣਾ ਦਾਖਾ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਅਮਰਜੀਤ ਕੌਰ ਖ਼ਿਲਾਫ਼ ਸ਼ਿਕਾਇਤ ਉਸ ਦੀ ਨਨਾਣ ਸੁਨੀਤ ਕੌਰ ਵਾਸੀ ਨਵੀਂ ਅਫ਼ਸਰ ਕਲੋਨੀ, ਪਟਿਆਲਾ ਵੱਲੋਂ ਕੀਤੀ ਗਈ ਹੈ। ਪੁਲੀਸ ਕਪਤਾਨ (ਸਥਾਨਕ) ਗੁਰਬਾਜ਼ ਸਿੰਘ ਵੱਲੋਂ ਕੀਤੀ ਗਈ ਮੁੱਢਲੀ ਪੜਤਾਲ ਵਿੱਚ ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਦੇ ਹੁਕਮਾਂ ’ਤੇ ਉਕਤ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਫ਼ਸਰ ਥਾਣੇਦਾਰ ਹਮੀਰ ਸਿੰਘ ਅਨੁਸਾਰ ਮੁੱਢਲੀ ਪੜਤਾਲ ਵਿੱਚ ਅਮਰਜੀਤ ਕੌਰ ਦੀਆਂ ਦੋ ਧੀਆਂ ਗੀਤਇੰਦਰ ਕੌਰ ਅਤੇ ਸੰਜੀਤ ਕੌਰ ਖ਼ਿਲਾਫ਼ ਵੀ ਦੋਸ਼ਾਂ ਦੀ ਪੁਸ਼ਟੀ ਹੋਈ ਸੀ, ਪਰ ਡੀ.ਏ ਲੀਗਲ ਦੀ ਕਾਨੂੰਨੀ ਰਾਏ ਤੋਂ ਬਾਅਦ ਕੇਸ ਸਿਰਫ਼ ਅਮਰਜੀਤ ਕੌਰ ਖ਼ਿਲਾਫ਼ ਹੀ ਦਰਜ ਕੀਤਾ ਗਿਆ ਹੈ।
ਪਟਿਆਲਾ ਵਾਸੀ ਸੁਨੀਤ ਕੌਰ ਨੇ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ’ਤੇ ਸਥਿਤ ਉਨ੍ਹਾਂ ਦੀ 38 ਏਕੜ ਪਰਿਵਾਰਕ ਜ਼ਮੀਨ ਭਾਰਤ ਮਾਲਾ ਪ੍ਰਾਜੈਕਟ ਤਹਿਤ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਗ੍ਰਹਿਣ ਕੀਤੀ ਗਈ ਹੈ। ਸੁਨੀਤ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਸਰਦੂਲ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰਕ ਜਾਇਦਾਦ ਨੂੰ ਲੈ ਕੇ ਉਸ ਵੱਲੋਂ ਦਾਇਰ ਕੀਤੀ ਗਈ ਇਕ ਅਰਜ਼ੀ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਲੁਧਿਆਣਾ ਮਨਜਿੰਦਰ ਕੌਰ ਦੀ ਅਦਾਲਤ ਵਿੱਚ ਵਿਚਾਰਅਧੀਨ ਸੀ, ਪਰ ਉਸ ਦੀ ਭਰਜਾਈ ਅਮਰਜੀਤ ਕੌਰ ਨੇ ਅਦਾਲਤੀ ਕੇਸ ਬਾਰੇ ਜਾਣਕਾਰੀ ਛੁਪਾ ਕੇ ਆਪਣੀਆਂ ਧੀਆਂ ਗੀਤਇੰਦਰ ਕੌਰ ਅਤੇ ਸੰਜੀਤ ਕੌਰ ਦੇ ਮੁਖ਼ਤਿਆਰਨਾਮੇ ਦੇ ਆਧਾਰ ’ਤੇ ਇਕ ਹਲਫ਼ੀਆ ਬਿਆਨ ਐੱਸਡੀਐੱਮ ਲੁਧਿਆਣਾ (ਪੱਛਮੀ) ਕੋਲ ਦਾਖਲ ਕਰ ਕੇ 32 ਕਰੋੜ ਰੁਪਏ ਵਿੱਚੋਂ ਟੀਡੀਐੱਸ ਕਟੌਤੀ ਬਾਅਦ ਬਾਕੀ ਰਕਮ ਆਪਣੇ ਬੈਂਕ ਖਾਤਿਆਂ ਵਿੱਚ ਪ੍ਰਾਪਤ ਕਰ ਲਈ ਹੈ। ਉਸ ਨੇ ਦੱਸਿਆ ਕਿ ਗੀਤਇੰਦਰ ਦੇ ਖਾਤੇ ਵਿੱਚ 10 ਕਰੋੜ ਰੁਪਏ, ਸੰਜੀਤ ਕੌਰ ਦੇ ਖਾਤੇ ਵਿੱਚ 10.64 ਕਰੋੜ ਰੁਪਏ ਅਤੇ ਅਮਰਜੀਤ ਕੌਰ ਦੇ ਸਿਵਲ ਲਾਈਨ ਲੁਧਿਆਣਾ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਵਿੱਚ 7.45 ਕਰੋੜ ਰੁਪਏ ਜਮ੍ਹਾਂ ਹੋਏ ਹਨ। ਜਾਂਚ ਅਫ਼ਸਰ ਹਮੀਰ ਸਿੰਘ ਅਨੁਸਾਰ ਪੜਤਾਲ ਦੌਰਾਨ ਹੋਰ ਤੱਥ ਸਾਹਮਣੇ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।