ਪੱਤਰ ਪ੍ਰੇਰਕ
ਤਲਵਾੜਾ, 13 ਅਗਸਤ
ਕਸਬਾ ਕਮਾਹੀ ਦੇਵੀ ਸਥਿਤ ਸੀਐੱਚਸੀ ਦੇ ਐੱਸਐੱਮਓ ਤਾਰਾ ਸਿੰਘ ’ਤੇ ਕੁਝ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦੀ ਖੱਬੀ ਅੱਖ ਕੱਢ ਦਿੱਤੀ। ਇਹ ਘਟਨਾ ਪਿਛਲੇ ਮਹੀਨੇ ਵਾਪਰੀ ਸੀ ਅਤੇ ਘਟਨਾ ਦੀ ਜਾਣਕਾਰੀ ਐੱਸਐੱਮਓ ਵੱਲੋਂ ਅੱਜ ਮੀਡੀਆ ਨੂੰ ਦਿੱਤੀ ਗਈ। ਡਾ. ਤਾਰਾ ਸਿੰਘ ਅਨੁਸਾਰ ਤਲਵਾੜਾ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਡਾ. ਤਾਰਾ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਹਮਲੇ ਤੋਂ ਪਹਿਲਾਂ ਤਿੰਨ ਵੱਖ-ਵੱਖ ਨੰਬਰਾਂ ਤੋਂ ਉਸ ਨੂੰ ਫੋਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ਦੀ ਸ਼ਿਕਾਇਤ ਉਨ੍ਹਾਂ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸਿਏਸ਼ਨ (ਪੀਸੀਐੱਮਐੱਸਏ) ਰਾਹੀਂ ਡੀਸੀ ਤੇ ਐੱਸਐੱਸਪੀ ਹੁਸ਼ਿਆਰਪੁਰ ਨੂੰ ਦਿੱਤੀ ਸੀ। ਘਟਨਾ ਵਾਲੀ ਰਾਤ ਉਹ ਹਸਪਤਾਲ ਵਿਚਲੀ ਆਪਣੀ ਆਰਜ਼ੀ ਰਿਹਾਇਸ਼ ਵਿਚ ਸੁੱਤਾ ਪਿਆ ਸੀ। ਉਸ ਦੇ ਕਮਰੇ ਦਾ ਦਰਵਾਜ਼ਾ ਖੜਕਿਆ ਅਤੇ ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਦੋ ਅਣਪਛਾਤਿਆਂ ਵਿੱਚੋਂ ਇੱਕ ਨੇ ਉਨ੍ਹਾਂ ਦੀ ਖੱਬੀ ਅੱਖ ਵਿੱਚ ਕੋਈ ਤੇਜ਼ਧਾਰ ਚੀਜ਼ ਮਾਰੀ। ਮੌਕੇ ’ਤੇ ਤਾਇਨਾਤ ਡਿਊਟੀ ਡਾ. ਗੁਰਦੀਪ ਸਿੰਘ ਨੇ ਮੁੱਢਲੀ ਸਹਾਇਤਾ ਦੇਣ ਮਗਰੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਜਲੰਧਰ ਲਈ ਰੈਫ਼ਰ ਕਰ ਦਿੱਤਾ, ਜਿੱਥੋਂ ਅੱਖਾਂ ਦਾ ਅਪਰੇਸ਼ਨ ਕਰਵਾਉਣ ਮਗਰੋਂ ਉਹ 8 ਅਗਸਤ ਨੂੰ ਵਾਪਸ ਆਏ ਹਨ।