ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 25 ਜੁਲਾਈ
ਸਰਹਿੰਦ ਸ਼ਹਿਰ ਦੀ ਵਸਨੀਕ ਅਤੇ ਪੇਸ਼ੇ ਵਜੋਂ ਸਕੂਲ ਅਧਿਆਪਕਾ ਅਤੇ ਉਸ ਦੀ ਧੀ ਦੀ ਹੋਈ ਮੌਤ ਦੇ ਸਬੰਧ ’ਚ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਵੱਲੋਂ ਕਥਿਤ ਆਟੋ ਚਾਲਕ ਮਨਦੀਪ ਸਿੰਘ (32) ਵਾਸੀ ਪਿੰਡ ਲੌਂਗੋਮਾਜਰੀ ਵਿਰੁੱਧ ਕੇਸ ਦਰਜ ਕੀਤਾ ਹੈ। ਐਸ.ਐਚ.ਓ. ਥਾਣਾ ਫ਼ਤਹਿਗੜ੍ਹ ਸਾਹਿਬ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਬਬਨਪ੍ਰੀਤ ਸਿੰਘ ਵਾਸੀ ਸਰਹਿੰਦ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਮਾਤਾ ਜਸਪਾਲ ਕੌਰ (47) ਅਤੇ ਉਸ ਦੀ ਭੈਣ ਮਨਮੀਤ ਕੌਰ (19) 19 ਜੁਲਾਈ ਨੂੰ ਘਰੋਂ ਆਪਣੀ ਸਹੇਲੀ ਨੂੰ ਮਿਲਣ ਲਈ ਗਈਆਂ ਸਨ। ਪਰਵਾਪਸ ਨਹੀਂ ਮੁੜੀਆਂ। ਬੀਤੀ 24 ਜੁਲਾਈ ਨੂੰ ਨੰਗਲ ਨਜ਼ਦੀਕ ਨਹਿਰ ’ਚੋਂ ਉਨ੍ਹਾਂ ਦੋਵਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ। ਉਸ ਨੇ ਦੱਸਿਆ ਹੈ ਕਿ ਮਨਦੀਪ ਸਿੰਘ ਨਾਮਕ ਆਟੋ ਚਾਲਕ ਬੀਤੇ ਤਿੰਨ ਸਾਲਾਂ ਤੋਂ ਉੁਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ ਜਿਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਉਸ ਦੀ ਮਾਂ ਅਤੇ ਭੈਣ ਨੇ ਆਤਮਹਿੱਤਆ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਉਕਤ ਮ੍ਰਿਤਕ ਅਧਿਆਪਕਾ ਦੇ ਮਨਦੀਪ ਸਿੰਘ ਨਾਲ ਸਬੰਧ ਸਨ। ਉਨ੍ਹਾਂ ਦੱਸਿਆ ਕਿ ਮਾਂ-ਧੀ ਵੱਲੋਂ ਚੁੰਨੀ ਨਾਲ ਹੱਥ ਬੰਨ੍ਹ ਕੇ ਨਹਿਰ ’ਚ ਛਾਲ ਮਾਰਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਪਰ ਮਾਮਲੇ ਦੀ ਬਾਰੀਕੀ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ।