ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ 12 ਅਕਤੂਬਰ
ਦਲਿਤ ਅਤੇ ਘੱਟਗਿਣਤੀ ਆਰਗੇਨਾਈਜ਼ੇਸ਼ਨ ਨੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਸੌ ਸਾਲ ਪਹਿਲਾਂ ਵਾਪਰੀ ਇੱਕ ਘਟਨਾ ਦੀ ਯਾਦ ਵਿੱਚ ਦਲਿਤ ਮੁੜ ਪ੍ਰਵੇਸ਼ ਸ੍ਰੀ ਹਰਿਮੰਦਰ ਸਾਹਿਬ ਸਮਾਗਮ ਕੀਤਾ ਹੈ। ਭਾਈ ਗੁਰਦਾਸ ਹਾਲ ਵਿੱਚ ਕੀਤੇ ਸਮਾਗਮ ਦੌਰਾਨ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਗੁਰਬਾਣੀ ਦੇ ਕੀਰਤਨ ਮਗਰੋਂ ਸੌ ਸਾਲ ਪਹਿਲਾਂ ਵਾਪਰੀ ਇਸ ਘਟਨਾ ਦੇ ਇਤਿਹਾਸ ’ਤੇ ਚਾਨਣਾ ਪਾਇਆ ਗਿਆ। ਜਥੇਬੰਦੀ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਖੁੰਡਾ ਨੇ ਇਸ ਮੌਕੇ ਸੌ ਸਾਲ ਪਹਿਲਾਂ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪ੍ਰਥਮ ਬੁਲਾਰੇ ਵਜੋਂ ਸੰਬੋਧਨ ਕੀਤਾ। ਇਸ ਮੌਕੇ ਪ੍ਰੋਫੈਸਰ ਤੇਜਾ ਸਿੰਘ ਭੁੱਚਰ ਅਤੇ ਕਰਤਾਰ ਸਿੰਘ ਝੱਬਰ ਦੇ ਪਰਿਵਾਰ ਵਿੱਚੋਂ ਵੀ ਮੈਂਬਰ ਪੁੱਜੇ ਹੋਏ ਸਨ। ਸਮਾਗਮ ਮਗਰੋਂ ਸੰਗਤ ਇਕੱਠ ਦੇ ਰੂਪ ਵਿੱਚ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਅਤੇ ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਗਈ। ਉਪਰੰਤ ਅਕਾਲ ਤਖ਼ਤ ’ਤੇ ਅਰਦਾਸ ਕੀਤੀ ਗਈ। ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ’ਤੇ ਮਹੰਤਾਂ ਦੇ ਕਬਜ਼ੇ ਮਗਰੋਂ ਦਲਿਤ ਸਿੱਖਾਂ ਦਾ ਪ੍ਰਵੇਸ਼ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਕੜਾਹ ਪ੍ਰਸ਼ਾਦ ਪ੍ਰਵਾਨ ਨਹੀਂ ਕੀਤਾ ਜਾਂਦਾ ਸੀ ਅਤੇ ਅਰਦਾਸ ਵੀ ਨਹੀਂ ਕੀਤੀ ਜਾਂਦੀ ਸੀ। ਸੌ ਸਾਲ ਪਹਿਲਾਂ ਅੱਜ ਦੇ ਦਿਨ ਸੰਗਤੀ ਇਕੱਠ ਨੇ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਮਹੰਤਾਂ ਨਾਲ ਬਹਿਸ ਕੀਤੀ ਸੀ ਅਤੇ ਮਗਰੋਂ ਆਏ ਹੁਕਮਨਾਮੇ ਮੁਤਾਬਕ ਕੜਾਹ ਪ੍ਸ਼ਾਦ ਦੀ ਦੇਗ ਪ੍ਰਵਾਨ ਹੋਈ। ਇਸ ਤੋਂ ਬਾਅਦ ਦਲਿਤ ਸਿੱਖਾਂ ਦਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੁੜ ਪ੍ਰਵੇਸ਼ ਹੋਇਆ ਸੀ।