ਜੋਗਿੰਦਰ ਸਿੰਘ ਮਾਨ
ਮਾਨਸਾ, 11 ਜੁਲਾਈ
ਮਾਨਸਾ ਦੇ ਇੱਕ ਪੈਟਰੋਲ ਪੰਪ ’ਤੇ ਅੱਜ ਸ਼ਾਮ ਕਾਰ ਵਿੱਚ ਸੀਐੱਨਜੀ ਭਰਦਿਆਂ ਧਮਾਕਾ ਹੋਣ ਨਾਲ ਪੰਪ ਦੇ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਵਿੱਚ ਦੋ ਕਾਰਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਥਾਣਾ ਸਿਟੀ-1 ਅਤੇ ਸਿਟੀ-2 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਬੱਸ ਸਟੈਂਡ ਨੇੜਲੇ ਜਗਦੀਸ਼ ਆਇਲ ਕੰਪਨੀ ਦੇ ਪੰਪ ’ਤੇ ਸ਼ਾਮ ਨੂੰ ਦੋ ਆਲਟੋ ਕਾਰਾਂ ਸੀਐੱਨਜੀ ਭਰਵਾਉਣ ਆਈਆਂ। ਜਦੋਂ ਪੰਪ ਦਾ ਮੁਲਾਜ਼ਮ ਬਿਕਰਮ ਸਿੰਘ ਇੱਕ ਕਾਰ ਵਿੱਚ ਗੈਸ ਭਰਨ ਲੱਗਿਆ ਤਾਂ ਕਾਰ ਦੀ ਟੈਂਕੀ ਫਟ ਕੇ ਧਮਾਕਾ ਹੋ ਗਿਆ। ਧਮਾਕੇ ਕਾਰਨ ਦੂਜੀ ਕਾਰ ਨੂੰ ਵੀ ਅੱਗ ਲੱਗ ਗਈ। ਇਸ ਦੌਰਾਨ ਬਿਕਰਮ ਸਿੰਘ ਦੀ ਮੌਤ ਹੋ ਗਈ ਅਤੇ ਸ਼ਿੰਦਰ ਸਿੰਘ ਵਾਸੀ ਚੁਕੇਰੀਆਂ ਤੇ ਕਰਮਵੀਰ ਸਿੰਘ ਵਾਸੀ ਲਖਮੀਰਵਾਲਾ ਸਮੇਤ ਤਿੰਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੰਪ ਦੇ ਮਾਲਕ ਜਗਮੋਹਨ ਲਾਟਾ ਰਾਮ ਨੇ ਦੱਸਿਆ ਕਿ ਜਦੋਂ ਸਵਾਰੀਆਂ ਉਤਾਰਨ ਤੋਂ ਬਾਅਦ ਪੰਪ ਦਾ ਮੁਲਾਜ਼ਮ ਗੈਸ ਭਰਨ ਲੱਗਿਆ ਤਾਂ ਅਚਾਨਕ ਕਾਰ ਦੀ ਗੈਸ ਵਾਲੀ ਟੈਂਕੀ ਫਟ ਗਈ ਅਤੇ ਉਸ ਨੇ ਪਿੱਛੇ ਖੜ੍ਹੀ ਇੱਕ ਹੋਰ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਨੁਕਸਾਨੀਆਂ ਗਈਆਂ ਦੋਵੇਂ ਕਾਰਾਂ ਹਰਿਆਣਾ ਨੰਬਰ ਦੀਆਂ ਸਨ।
ਮਾਨਸਾ ਦੇ ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਜ਼ਖ਼ਮੀ ਹਨ।
ਜਾਂਚ ਮਗਰੋਂ ਕਾਰਵਾਈ ਕੀਤੀ ਜਾਵੇਗੀ: ਪੁਲੀਸ
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸ ਪੂਰੀ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਮਾਨਸਾ ਦੇ ਥਾਣਾ ਸਿਟੀ-1 ਦੇ ਮੁਖੀ ਜਗਦੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਘਟਨਾ ਵਿੱਚ ਪੁਲੀਸ ਦਾ ਹੌਲਦਾਰ ਸੁਖਵਿੰਦਰ ਸਿੰਘ ਵੀ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਸਥਿਰ ਹੈ। ਪੁਲੀਸ ਵੱਲੋਂ ਧਮਕੇ ਕਾਰਨ ਇਕੱਠੀ ਹੋਈ ਭੀੜ ਹਟਾ ਕੇ ਬਾਜ਼ਾਰ ਦੀ ਆਵਾਜਾਈ ਬਹਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਹਾਲੇ ਨੁਕਸਾਨ ਦਾ ਪਤਾ ਲਾਇਆ ਜਾ ਰਿਹਾ ਹੈ।