ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਜਨਵਰੀ
ਕਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਮਗਰੋਂ ਹੁਣ ਕਰੋਨਾ ਵੈਕਸੀਨ ਕੇਂਦਰਾਂ ਵਿੱਚ ਲੋਕਾਂ ਦੀ ਗਿਣਤੀ ਵਧਣ ਲੱਗੀ ਹੈ। ਕਈ ਥਾਈਂ ਲੋਕ ਟੀਕਾਕਰਨ ਨਾ ਹੋਣ ’ਤੇ ਨਾਰਾਜ਼ਗੀ ਵੀ ਪ੍ਰਗਟਾ ਰਹੇ ਹਨ। ਇਸੇ ਤਰ੍ਹਾਂ ਅੱਜ ਸਿਵਲ ਸਰਜਨ ਦਫ਼ਤਰ ’ਚ ਲੋਕਾਂ ਨੇ ਹੰਗਾਮਾ ਕਰਦਿਆਂ ਟੀਕਾਕਰਨ ਕੇਂਦਰ ਦੇ ਸ਼ੀਸ਼ੇ ਤੱਕ ਤੋੜ ਦਿੱਤੇ। ਸਵੇਰੇ 11 ਵਜੇ ਲੋਕਾਂ ਨੇ ਟੀਕਾਕਰਨ ਕੇਂਦਰ ਵਿੱਚ ਧੱਕਾਮੁੱਕੀ ਕੀਤੀ। ਭੀੜ ਨੂੰ ਕਾਬੂ ਕਰਨ ਲਈ ਪੁਲੀਸ ਬੁਲਾਉਣੀ ਪਈ। ਇਸ ਤੋਂ ਬਾਅਦ ਟੀਕਾਕਰਨ ਕੇਂਦਰ ਬੰਦ ਕਰ ਦਿੱਤਾ ਗਿਆ। ਲੋਕਾਂ ਦਾ ਦੋਸ਼ ਸੀ ਕਿ ਕੇਂਦਰ ’ਚ ਟੀਕਾਕਰਨ ਕਰਨ ਵਾਲੀ ਟੀਮ ਸਿਫ਼ਾਰਸ਼ੀਆਂ ਨੂੰ ਟੀਕੇ ਲਾ ਰਹੀ ਹੈ। ਭੰਨ-ਤੋੜ ਦੀ ਘਟਨਾ ਮਗਰੋਂ ਮੌਕੇ ’ਤੇ ਪੁੱਜੇ ਸਿਵਲ ਸਰਜਨ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਲੋਕ ਨਹੀਂ ਮੰਨੇ ਤਾਂ ਕੇਂਦਰ ਬੰਦ ਕਰ ਦਿੱਤਾ ਗਿਆ ਤੇ 500 ਤੋਂ ਜ਼ਿਆਦਾ ਲੋਕਾਂ ਨੂੰ ਬਿਨਾਂ ਟੀਕੇ ਲਗਵਾਏ ਪਰਤਣਾ ਪਿਆ।