ਖੇਤਰੀ ਪ੍ਰਤੀਨਿਧ
ਪਟਿਆਲਾ, 2 ਅਕੂਤਬਰ
ਸਥਾਨਕ ਥਾਣਾ ਤ੍ਰਿਪੜੀ ਅਧੀਨ ਪੈਂਦੇ ਇੱਕ ਸ਼ਰਾਬ ਦੇ ਠੇਕੇ ’ਤੇ ਕੰਮ ਕਰਦੇ ਹਿਮਾਚਲ ਵਾਸੀ ਪੰਕਜ ਨਾਂ ਦੇ ਨੌਜਵਾਨ ਦੇ ਕਤਲ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਡੀਐੱਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ, ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਸਣੇ ਥਾਣਾ ਤ੍ਰਿਪੜੀ ਦੇ ਮੁਖੀ ਕਰਨਬੀਰ ਸੰਧੂ ਦੀ ਟੀਮ ਵੱਲੋਂ ਕੀਤੀ ਜਾਂਚ ਮਗਰੋਂ ਅਰਮਾਨ ਸਿੰਘ ਭੰਗੂ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਧਾਰੀ ਹੋਣ ਕਾਰਨ ਅਰਮਾਨ ਨੂੰ ਸ਼ਰਾਬ ਦੇ ਕਾਰੋਬਾਰ ਨਾਲ ਨਫ਼ਰਤ ਸੀ ਤੇ ਇਸੇ ਕਰਕੇ ਉਸ ਨੇ ਬੀਤ 29 ਸਤੰਬਰ ਦੀ ਰਾਤ ਨੂੰ ਤੇਜ਼ਧਾਰ ਹਥਿਆਰ ਨਾਲ ਸ਼ਰਾਬ ਦੇ ਠੇਕੇ ’ਤੇ ਕੰਮ ਕਰਦੇ ਕਰਿੰਦੇ ਪੰਕਜ ਦਾ ਕਤਲ ਕਰ ਦਿੱਤਾ ਸੀ। ਪੁਲੀਸ ਮੁਤਾਬਕ ਸ਼ਰਾਬ ਦਾ ਇਹ ਠੇਕਾ ਉਸ ਦੇ ਘਰ ਦੇ ਨੇੜੇ ਸੀ ਤੇ ਅਰਮਾਨ ਨੂੰ ਲੱਗਦਾ ਸੀ ਕਿ ਪੰਕਜ ਦੇ ਕਤਲ ਮਗਰੋਂ ਇਥੋਂ ਠੇਕਾ ਚੁੱਕ ਲਿਆ ਜਾਵੇਗਾ।